ਚੰਡੀਗੜ੍ਹ:ਪੰਜਾਬ ਵਿਚ ਘਰੇਲੂ ਏਕਾਂਤਵਾਸ ‘ਚ ਰਹਿ ਰਹੇ ਕੋਵਿਡ ਦੇ ਮਰੀਜ਼ਾਂ ਨੂੰ ਹੁਣ ਸਮਾਜਿਕ ਵਿਤਕਰੇ ਤੋਂ ਡਰਨ ਦੀ ਲੋੜ ਨਹੀਂ ਰਹੇਗੀ ਜੋ ਕਿ ਉਨ੍ਹਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾ ਕੀਤੇ ਜਾਣ ਕਾਰਨ ਉਨ੍ਹਾਂ ਨਾਲ ਵਾਪਰਦਾ ਹੈ।ਇਸ ਮਹਾਂਮਾਰੀ ਨਾਲ ਜੁੜੇ ਵਿਤਕਰੇ ਨੂੰ ਘਟਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਸਰਕਾਰ ਦੇ ਪਹਿਲਾਂ ਵਾਲੇ ਉਸ ਫੈਸਲੇ ਨੂੰ ਵਾਪਸ ਲੈ ਲਿਆ ਜਿਸ ਤਹਿਤ ਘਰੇਲੂ ਏਕਾਂਤਵਾਸ ਜਾਂ ਕੁਆਰੰਟੀਨ ਵਿੱਚ ਰਹਿ ਰਹੇ ਕੋਵਿਡ ਦੇ ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾ ਕੀਤੇ ਜਾਂਦੇ ਹਨ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਪਹਿਲਾਂ ਲਾਏ ਗਏ ਪੋਸਟਰ ਹਟਾ ਲਏ ਜਾਣ।ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਚੁੱਕੇ ਜਾਣ ਦਾ ਮਕਸਦ ਅਜਿਹੇ ਮਰੀਜ਼ਾਂ ਦੇ ਘਰਾਂ ਦੇ ਬੂਹਿਆਂ ‘ਤੇ ਲਾਏ ਜਾਂਦੇ ਪੋਸਟਰਾਂ ਤੋਂ ਪੈਦਾ ਹੋਣ ਵਾਲੇ ਵਿਤਕਰੇ ਨੂੰ ਘਟਾਉਣਾ ਹੈ ਅਤੇ ਇਸ ਤੋਂ ਇਲਾਵਾ ਜਾਂਚ ਕਰਵਾਏ ਜਾਣ ਦੇ ਡਰ ਨੂੰ ਵੀ ਦੂਰ ਕਰਨਾ ਹੈ। ਮੁੱਖ ਮੰਤਰੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ ਦੇ ਇਲਾਜ ਲਈ ਛੇਤੀ ਆਪਣੀ ਜਾਂਚ ਕਰਵਾਉਣ ਤਾਂ ਜੋ ਇਸ ਬਿਮਾਰੀ ਦਾ ਪਹਿਲਾਂ ਹੀ ਪਤਾ ਚੱਲ ਸਕੇ ਅਤੇ ਸਹੀ ਤਰ੍ਹਾਂ ਇਲਾਜ ਹੋ ਸਕੇ।ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪੋਸਟਰਾਂ ਦੇ ਕਾਰਨ ਮਰੀਜ਼ਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਦੇਖਿਆ ਗਿਆ ਹੈ ਜਿਸ ਕਾਰਨ ਇਨ੍ਹਾਂ ਪੋਸਟਰਾਂ ਨੂੰ ਚਸਪਾ ਕੀਤੇ ਜਾਣ ਦਾ ਮੁੱਢਲਾ ਮਕਸਦ, ਜੋ ਕਿ ਗੁਆਂਢੀਆਂ ਅਤੇ ਹੋਰ ਅਜਿਹੇ ਮਰੀਜ਼ਾਂ ਨੂੰ ਬਚਾਉਣਾ ਸੀ, ਹੀ ਪੂਰਾ ਨਹੀਂ ਹੋ ਪਾ ਰਿਹਾ। ਸਗੋਂ ਇਨ੍ਹਾਂ ਪੋਸਟਰਾਂ ਕਾਰਨ ਲੋਕ ਜਾਂਚ ਕਰਵਾਏ ਜਾਣ ਤੋਂ ਭੱਜ ਰਹੇ ਸਨ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਪੋਸਟਰਾਂ ਨਾਲ ਸਮਾਜਿਕ ਅਲੱਗ-ਥਲੱਗਤਾ ਤੇ ਵਿਤਕਰੇ ਜਿਹੇ ਅਣਚਾਹੇ ਤੇ ਅਣਚਿਤਵੇ ਨਤੀਜਿਆਂ ਕਾਰਨ ਮਰੀਜ਼ਾਂ ਨੂੰ ਚਿੰਤਾ ਅਤੇ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਸੀ।ਉਨ੍ਹਾਂ ਕਿਹਾ ਕਿ ਲੋਕ ਇਸ ਨਾਲ ਜੁੜੇ ਹੋਈ ਵਿਤਕਰੇਬਾਜ਼ੀ ਤੋਂ ਬਚਣ ਲਈ ਜਾਂਚ ਕਰਵਾਉਣ ਤੋਂ ਕੰਨੀ ਕਤਰਾਉਂਦੇ ਸਨ ਬਜਾਏ ਇਸ ਦੇ ਕਿ ਭਾਈਚਾਰਕ ਤੌਰ ਉਤੇ ਇਕੱਠੇ ਹੋ ਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਾਥ ਦਿੱਤਾ ਜਾਵੇ। ਇਹੋ ਕਾਰਨ ਹੈ ਕਿ ਸਰਕਾਰ ਨੂੰ ਪੋਸਟਰ ਚਿਪਕਾਉਣ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਪਿਆ।ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰੰਤਰ ਲੋੜੀਂਦੇ ਇਹਤਿਆਤ ਵਰਤਦੇ ਰਹਿਣ ਅਤੇ ਪੋਸਟਰਾਂ ਨੂੰ ਹਟਾਉਣ ਦੇ ਬਾਵਜੂਦ ਘਰੇਲੂ ਏਕਾਂਤਵਾਸ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਹਦਾਇਤਾਂ ਦੀ ਉਲੰਘਣਾ ਡਿਜਾਸਟਰ ਮੈਨੇਜਮੈਂਟ ਐਕਟ, ਐਪੀਡੈਮਿਕ ਡਿਜੀਜ ਐਕਟ ਤੇ ਆਈ.ਪੀ.ਸੀ. ਤਹਿਤ ਸਜ਼ਾ ਯੋਗ ਅਪਰਾਧ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰੇਕ ਵਿਅਕਤੀ ਦੀ ਸਿਹਤ ਅਤੇ ਤੰਦਰੁਸਤੀ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲੜਾਈ ਵਿੱਚ ਸਮੂਹ ਭਾਈਚਾਰੇ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਖਿਲਾਫ ਸਮੂਹਿਕ ਲੜਾਈ ਲੜਨ ਦੀ ਲੋੜ ਹੈ ਕਿਉਂਕਿ ਭਾਈਚਾਰੇ ਦੇ ਲੋਕ ਹੀ ਸਹਾਇਤਾ, ਪ੍ਰੇਰਨਾ ਅਤੇ ਵਿਵਹਾਰ ਵਿੱਚ ਤਬਦੀਲੀ ਨਾਲ ਇਸ ਬਿਮਾਰੀ ਨੂੰ ਅੱਗੇ ਫੈਲਣ ਤੇ ਅਫਵਾਹਾਂ ਨੂੰ ਰੋਕਣ ਵਿੱਚ ਅਤੇ ਇਲਾਜ ਕਰਵਾਉਣ ਵਿੱਚ ਯੋਗਦਾਨ ਪਾ ਸਕਦੇ ਹਨ।ਗੌਰਤਲਬ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਪ੍ਰੋਟੋਕੋਲ ਅਤੇ ਆਈ.ਸੀ.ਐਮ.ਆਰ. ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਬਿਨਾਂ ਲੱਛਣ/ਹਲਕੇ ਲੱਛਣ ਵਾਲੇ ਕੋਵਿਡ ਮਰੀਜ਼ਾਂ ਨੂੰ ਘਰੇਲੂ ਏਕਾਂਤਵਾਸ ਵਿੱਚ ਰਹਿਣ ਦੀ ਆਗਿਆ ਦਿੱਤੀ ਹੈ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਨਹੀਂ ਹੈ।ਅਸਲੀਅਤ ਵਿੱਚ ਸੂਬੇ ਵਿੱਚ ਕੇਸਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਇਨ੍ਹਾਂ ਘਰੇਲੂ ਮਰੀਜ਼ਾਂ ਨੂੰ ਘਰੇਲੂ ਏਕਾਤਵਾਂਸ ਵਿੱਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੀ ਸਥਾਨਕ ਸਿਹਤ ਵਿਭਾਗ ਵੱਲੋਂ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ। ਨਿਗਰਾਨੀ ਦਾ ਉਦੇਸ਼ ਇਨ੍ਹਾਂ ਮਰੀਜ਼ਾਂ ਲਈ ਬਿਹਤਰੀਨ ਮਾਹੌਲ, ਖੁਰਾਕ ਆਦਿ ਨੂੰ ਯਕੀਨੀ ਬਣਾਉਣਾ ਹੈ ਅਤੇ ਇਹ ਸੁਨਿਸ਼ਚਤ ਕਰਨਾ ਹੈ ਜਿੰਨਾ ਨੂੰ ਲੋੜ ਹੋਵੇ, ਉਨ੍ਹਾਂ ਲਈ ਐਲ 3/ਐਲ 2 ਬੈਡ ਮੌਜੂਦ ਹੋਣ।ਭਾਈਚਾਰਕ ਤੌਰ ‘ਤੇ ਜਾਗਰੂਕਤਾ ਫੈਲਾਉਣ ਅਤੇ ਘਰੇਲੂ ਏਕਾਂਤਵਾਸ ਦੇ ਦਿਸ਼ਾ ਨਿਰਦੇਸ਼ਾਂ ਦੀ ਮਰੀਜ਼ਾਂ ਦੁਆਰਾ ਉਲੰਘਣਾ ਨੂੰ ਨੱਥ ਪਾਉਣ ਲਈ ਇਹ ਪੋਸਟਰ ਮਰੀਜ਼ਾਂ ਦੇ ਘਰ ਦੇ ਦਰਵਾਜ਼ਿਆਂ ਉਤੇ ਚਿਪਕਾਏ ਜਾਂਦੇ ਸਨ ਕਿ ਕੋਵਿਡ ਪਾਜੇਟਿਵ ਮਰੀਜ਼ ਇਥੇ ਏਕਾਂਤਵਾਸ ਉਤੇ ਰਹਿੰਦਾ ਹੈ।