ਫਗਵਾੜਾ 8 ਮਈ (ਸ਼ਿਵ ਕੋੜਾ) ਸ਼ਹਿਰ ਦੇ ਹਦੀਆਬਾਦ ਖੇਤਰ ‘ਚ ਬੀਤੇ ਸਾਲ 4 ਸਤੰਬਰ ਨੂੰ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੋਈ ਕੁੱਟਮਾਰ  ਦੇ ਮਾਮਲੇ ‘ਚ ਅੱਠ ਮਹੀਨੇ ਬਾਅਦ ਵੀ ਦੋਸ਼ੀ ਪੁਲਿਸ ਦੀ ਗਿਰਫਤਰ ਤੋਂ ਬਾਹਰ ਹਨ। ਇਸ ਮਾਮਲੇ ਦੇ ਪੀੜ੍ਹਤ ਵਿਨੋਦ ਕੁਮਾਰ ਪੁੱਤਰ ਸ੍ਰੀ ਦਰਸ਼ਨ ਲਾਲ ਵਾਸੀ ਮੁਹੱਲਾ ਵਾਲਮੀਕਿ ਹਦੀਆਬਾਦ ਫਗਵਾੜਾ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਸਰੇਆਮ ਘੁੰਮ ਰਹੇ ਹਨ ਅਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਵਿਨੋਦ ਕੁਮਾਰ ਅਨੁਸਾਰ ਦੋਸ਼ੀਆਂ ਵਲੋਂ ਲਗਾਈ ਜਮਾਨਤ ਦੀ ਅਰਜੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਨਾਮੰਨਜੂਰ ਕੀਤੀ ਜਾ ਚੁੱਕੀ ਹੈ ਪਰ ਬਾਵਜੂਦ ਇਸਦੇ ਕਿਸੇ ਦੋਸ਼ੀ ਨੂੰ ਗਿਰਫਤਾਰ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਸਦੀ ਜਿੰਦਗੀ ਨੂੰ ਖਤਰਾ ਹੈ। ਇੱਥੇ ਜਿਕਰਯੋਗ ਹੈ ਕਿ 4 ਸਤੰਬਰ 2020 ਨੂੰ ਵਿਨੋਦ ਕੁਮਾਰ ਨਾਮਕ ਉਕਤ ਨੌਜਵਾਨ ਨਾਲ ਕੁੱਟਮਾਰ ਦੀ ਘਟਨਾ ਹਦੀਆਬਾਦ ਖੇਤਰ ਵਿਚ ਹੋਈ ਸੀ ਜੋ ਕਿ ਚਰਚਾ ਦਾ ਵਿਸ਼ਾ ਬਣੀ ਸੀ ਕਿਉਂਕਿ 6 ਸਤੰਬਰ 2020 ਨੂੰ ਸਬੰਧਤ ਥਾਣਾ ਸਤਨਾਮਪੁਰਾ ਦੇ ਬਾਹਰ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਆਪਣੀ ਹੀ ਸਰਕਾਰ ਦੇ ਖਿਲਾਫ ਧਰਨਾ ਲਾ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਸਮੇਂ ਦੇ ਐਸ.ਪੀ. ਮਨਵਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਸੀ ਅਤੇ ਮਾਮਲੇ ਦੀ ਪੜਤਾਲ ਡੀ.ਐਸ.ਪੀ. ਫਗਵਾੜਾ ਤੋਂ ਕਰਵਾਉਣ ਦੀ ਹਦਾਇਤ ਹੋਈ ਸੀ। ਇਸ ਮਾਮਲੇ ਵਿਚ ਸਤਨਾਮਪੁਰਾ ਪੁਲਿਸ ਵਲੋਂ ਪ੍ਰਦੀਪ ਥਾਪਰ ਪੁੱਤਰ ਮੋਹਨ ਲਾਲ, ਸ਼ਿਵਮ ਘਈ ਤੇ ਵਿਸ਼ਾਲ ਘਈ ਪੁੱਤਰ ਰਜਿੰਦਰ ਘਈ ਵਾਸੀਆਨ ਮੁਹੱਲਾ ਵਾਲਮੀਕਿ ਹਦੀਆਬਾਦ ਫਗਵਾੜਾ ਦੇ ਖਿਲਾਫ ਮੁਕੱਦਮਾ ਨੰਬਰ 119 ਮਿਤੀ 05.09.2020 ਅ/ਧ. 323, 324, 506, 34 ਆਈ.ਪੀ.ਸੀ. ਦਰਜ ਕੀਤਾ ਗਿਆ ਅਤੇ ਬਾਅਦ ਵਿਚ ਧਾਰਾ 326 ਆਈ.ਪੀ.ਸੀ. ਦਾ ਵਾਧਾ ਕਰਕੇ ਬੋਬੀ ਨਾਹਰ ਵਾਸੀ ਮੁਹੱਲਾ ਵਾਲਮੀਕਿ ਹਦੀਆਬਾਦ ਫਗਵਾੜਾ ਨੂੰ ਵੀ ਨਾਮਜਦ ਕੀਤਾ ਗਿਆ ਸੀ। ਵਿਨੋਦ ਕੁਮਾਰ ਨੇ ਦੱਸਿਆ ਕਿ ਉਸਨੇ ਐਸ.ਐਸ.ਪੀ. ਸਾਹਿਬ ਕਪੂਰਥਲਾ ਨੂੰ ਵੀ ਇਕ ਦਰਖਾਸਤ ਨੰਬਰ 1396/ਐਸ.ਐਸ.ਪੀ./ਕੇਪੀਟੀ ਮਿਤੀ 23.09.2020 ਦਿੱਤੀ ਪਰ ਬਾਵਜੂਦ ਇਸਦੇ ਅੱਜ ਤਕ ਕਿਸੇ ਦੋਸ਼ੀ ਦੀ ਗਿਰਫਤਾਰੀ ਨਹੀਂ ਹੋਈ। ਪੀੜ੍ਹਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਫਗਵਾੜਾ ਪੁਲਿਸ ਨੂੰ ਦੋਸ਼ੀਆਂ ਦੀ ਤੁਰੰਤ ਗਿਰਫਤਾਰ ਦਾ ਨਿਰਦੇਸ਼ ਦਿੰਦਿਆਂ ਉਸਨੂੰ ਇਨਸਾਫ ਦਿੱਤਾ ਜਾਵੇ।