ਜਲੰਧਰ 19 ਜੂੰਨ  : ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਅੱਜ ਇੱਥੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਦੇਸ਼ ਦੀਆਂ ਪੰਜ ਖੱਬੀਆਂ ਪਾਰਟੀਆਂ ਵੱਲੋਂ 16 ਤੋਂ 30 ਜੂੰਨ ਤੱਕ ਪੰਦਰਵਾੜਾ ਮਨਾਉਣ ਅਤੇ ਦੇਸ਼ ਵਿੱਚ ਅੰਦਰੂਨੀ ਐਮਰਜੈਂਸੀ ਲੱਗਣ ਦੀ 46 ਵੀਂ ਵਰ੍ਹੇਗੰਢ ਦੇ ਮੌਕੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ‘ ਸੰਵਿਧਾਨ ਬਚਾਓ – ਖੇਤੀ ਬਚਾਓ ਦਿਵਸ ਮਨਾਉਣ ‘ ਦੇ ਸੱਦਿਆਂ ਤੇ ਜਲੰਧਰ – ਕਪੂਰਥਲਾ ਜਿਲ੍ਹਿਆਂ ਵਿੱਚ ਸੀ.ਪੀ.ਆਈ. ( ਐਮ. ) ਵੱਲੋਂ  26 ਜੂੰਨ ਨੂੰ ਸਾਰੇ ਤਹਿਸੀਲ ਕੇਂਦਰਾਂ ਤੇ ਜ਼ੋਰਦਾਰ ਧਰਨੇ ਅਤੇ ਮੁਜ਼ਾਹਰੇ ਕੀਤੇ ਜਾਣਗੇ  । ਕਾਮਰੇਡ ਤੱਗੜ ਨੇ ਦੱਸਿਆ ਕਿ ਪੰਜ ਖੱਬੀਆਂ ਪਾਰਟੀਆਂ ਵੱਲੋਂ ਨਿੱਤ ਵਰਤੋਂ ਦੀਆਂ ਚੀਜ਼ਾਂ ਖ਼ਾਸ ਕਰਕੇ  ਪੈਟਰੋਲੀਅਮ ਵਸਤੂਆਂ ਦੀਆਂ ਕੀਮਤਾਂ ਵਿੱਚ ਹਰ ਰੋਜ਼ ਹੋ ਰਹੇ ਲੱਕ ਤੋੜ ਵਾਧੇ ਵਿਰੁੱਧ , ਕੋਵਿਡ – 19 ਮਹਾਂਮਾਰੀ ਵਿਰੁੱਧ ਲੜਨ ਵਿਚ ਮੋਦੀ ਸਰਕਾਰ ਦੀ ਮੁਜ਼ਰਮਾਨਾ  ਲਾਪਰਵਾਹੀ ਵਿਰੁੱਧ ਅਤੇ ਦੇਸ਼ ਦੇ ਕਿਸਾਨ ਸੰਘਰਸ਼ ਪ੍ਰਤੀ ਤਾਨਾਸ਼ਾਹੀ ਵਤੀਰੇ ਵਿਰੁੱਧ ਦੇਸ਼ ਵਿਆਪੀ ਪੰਦਰਵਾੜਾ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ  । ਇਸੇ ਤਰ੍ਹਾਂ ਦੇਸ਼ ਦੇ ਇਤਿਹਾਸਕ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਵਿੱਚ ਅੰਦਰੂਨੀ ਐਮਰਜੈਂਸੀ ਲੱਗਣ ਦੀ 46ਵੀਂ ਵਰ੍ਹੇਗੰਢ ਦੇ ਮੌਕੇ ਤੇ ਦੇਸ਼ ਦੇ ਸੰਵਿਧਾਨ ਦੀ ਮੋਦੀ ਸਰਕਾਰ ਦੇ ਹਮਲਿਆਂ ਤੋਂ ਰੱਖਿਆ ਕਰਨ ਅਤੇ ਮਹਾਨ ਕਿਸਾਨ ਸੰਘਰਸ਼  ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਵਾਉਣ ਲਈ  26 ਜੂੰਨ  ਨੂੰ  ‘ ਸੰਵਿਧਾਨ ਬਚਾਓ – ਖੇਤੀ ਬਚਾਓ ਦਿਵਸ ‘ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ ।  ਕਾਮਰੇਡ ਤੱਗੜ ਨੇ ਦੱਸਿਆ ਕਿ  26 ਜੂੰਨ  ਨੂੰ ਪਾਰਟੀ ਦੀਆਂ ਤਹਿਸੀਲ ਕਮੇਟੀਆਂ ਵੱਲੋਂ ਫਿਲੌਰ , ਨਕੋਦਰ , ਸ਼ਾਹਕੋਟ , ਜਲੰਧਰ ਅਤੇ ਸੁਲਤਾਨਪੁਰ ਲੋਧੀ ਵਿਖੇ  ਵਿਸ਼ਾਲ ਲਾਮਬੰਦੀ ਕਰਕੇ ਐਸ.ਡੀ.ਐਮ. ਦਫ਼ਤਰਾਂ  ਸਾਹਮਣੇ ਰੋਹ ਭਰੇ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ , ਮੰਗ ਪੱਤਰ ਦਿੱਤੇ ਜਾਣਗੇ ਅਤੇ ਮੋਦੀ ਸਰਕਾਰ ਦੀਆਂ ਅਰਥੀਆਂ ਅਤੇ ਪੁਤਲੇ ਸਾੜੇ ਜਾਣਗੇ  । ਕਾਮਰੇਡ ਤੱਗੜ ਨੇ ਦੋਹਾਂ ਜ਼ਿਲ੍ਹਿਆਂ ਦੀ ਸਮੁੱਚੀ ਪਾਰਟੀ ਨੂੰ ਉਪਰੋਕਤ ਰੋਸ ਐਕਸ਼ਨਾਂ ਦੀ ਸਫ਼ਲਤਾ ਵਾਸਤੇ ਅਤੇ ਵਿਸ਼ਾਲ ਲਾਮਬੰਦੀ ਕਰਨ ਲਈ ਜੁੱਟ ਜਾਣ ਅਤੇ ਕੋਈ ਕਸਰ ਬਾਕੀ ਨਾ ਛੱਡਣ ਦੀ ਜ਼ੋਰਦਾਰ ਅਪੀਲ ਕੀਤੀ ਹੈ  ।