ਫਗਵਾੜਾ 1 ਫਰਵਰੀ (ਸ਼ਿਵ ਕੋੜਾ) ਮੰਡਲ ਭਾਜਪਾ ਫਗਵਾੜਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ ਤੋਂ ਬਾਅਦ ਹੁਣ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਨਿਗਮ ਕਮੀਸ਼ਨਰ ਰਾਜੀਵ ਵਰਮਾ ਅਤੇ ਐਕਸ.ਈ.ਐਨ. ਸਤੀਸ਼ ਸੈਣੀ ਦੀ ਕਾਰਜਸ਼ੈਲੀ ਦੀ ਨੁਕਤਾ ਚੀਨੀ ਕਰਦੀਆਂ ਕਿਹਾ ਕਿ ਇਹ ਗੱਲ ਸਰੇਆਮ ਹੈ ਕਿ ਪਿਛਲੇ ਕਰੀਬ ਚਾਰ ਪੰਜ ਸਾਲ ਤੋਂ ਕਾਰਪੋਰੇਸ਼ਨ ਵਲੋਂ ਵੱਖ ਵੱਖ ਕੰਮਾ ਦੇ ਠੇਕੇ ਲੁਧਿਆਣਾ ਦੀ ਇੱਕੋ ਇਕ ਫਰਮ ਨੂੰ ਦਿੱਤੇ ਜਾ ਰਹੇ ਹਨ ਜੋ ਕਿ ਉਪਕਰਣਾਂ ਦੀ ਅਸਲ ਕੀਮਤ ਤੋਂ ਕਈ ਗੁਣਾ ਵਾਧੂ ਮੁੱਲ ‘ਤੇ ਖਰੀਦ ਕਰ ਰਿਹਾ ਹੈ ਅਤੇ ਬਿਨਾਂ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਇਹ ਸੰਭਵ ਨਹੀ ਹੈ। ਉਹਨਾਂ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਕਮੀਸ਼ਨਰ ਅਤੇ ਐਕਸ.ਈ.ਐਨ. ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਜੋ ਐਲ.ਈ.ਡੀ. ਸਟ੍ਰੀਟ ਲਾਈਟ ਪਰਚੂਨ ਦੇ ਭਾਅ ਅੱਠ ਤੋਂ ਨੌਂ ਸੋ ਰੁਪਏ ਵਿਚ ਮਿਲਦੀ ਹੈ ਉਸਨੂੰ ਚੌਵੀ ਸੌ ਰੁਪਏ ਦੇ ਮਹਿੰਗੇ ਭਾਅ ਤੇ ਕਿਉਂ ਖਰੀਦਿਆ ਜਾ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੰਡਲ ਭਾਜਪਾ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ ਨੇ ਵੀ ਕਾਰਪੋਰੇਸ਼ਨ ਫਗਵਾੜਾ ‘ਚ ਘਪਲੇਬਾਜੀ ਦਾ ਦੋਸ਼ ਲਾਇਆ ਸੀ। ਉਹਨਾਂ ਕਿਹਾ ਸੀ ਕਿ ਕਾਰਪੋਰੇਸ਼ਨ ਵਲੋਂ ਨਵੀਆਂ ਸਟਰੀਟ ਲਾਈਟਾਂ ਲਾਉਣ ਅਤੇ ਪੁਰਾਣੀਆਂ ਲੱਗੀਆਂ ਸਟਰੀਟ ਲਾਈਟਾਂ ਦੀ ਮੁਰੰਮਤ ਦਾ ਠੇਕਾ ਸਾਲ 2016 ਤੋਂ ਵਿਵੇਕ ਇੰਟਰਪ੍ਰਾਈਜਿਜ ਨਾਂ ਦੀ ਇਕ ਹੀ ਫਰਮ ਨੂੰ ਦਿੱਤਾ ਜਾ ਰਿਹਾ ਹੈ। ਜੇਕਰ ਕੋਈ ਹੋਰ ਫਰਮ ਟੈਂਡਰ ਭਰਦੀ ਹੈ ਤਾਂ ਉਸਦੇ ਕਾਗਜਾਂ ‘ਚ ਕੋਈ ਨਾ ਕੋਈ ਨੁਕਸ ਕੱਢ ਕੇ ਟੈਂਡਰ ਰੱਦ ਕਰ ਦਿੱਤਾ ਜਾਂਦਾ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਕਈ ਵਾਰਡਾਂ ਵਿਖੇ ਲਾਈਟਾਂ ਲਾਉਣ ਦਾ ਠੇਕਾ ਕਰੀਬ ਸੱਠ ਲੱਖ ਰੁਪਏ ਵਿਚ ਦਿੱਤਾ ਗਿਆ ਜੋ ਕਿ ਵਾਧੂ ਲਿਮਿਟ ਤੋਂ ਸਿਰਫ 2.34 ਫੀਸਦੀ ਲੈਸ ਤੇ ਦਿੱਤਾ ਗਿਆ ਹੈ ਜਦਕਿ ਪੰਜਾਬ ਦੀਆਂ ਹੋਰ ਕਾਰਪੋਰੇਸ਼ਨਾਂ ‘ਚ 25 ਤੋਂ 30 ਪ੍ਰਤੀਸ਼ਤ ਲੈਸ ‘ਤੇ ਠੇਕੇਦਾਰਾਂ ਵਲੋਂ ਠੇਕਾ ਲਿਆ ਜਾਂਦਾ ਹੈ। ਇਹਨਾਂ ਸਾਰਿਆਂ ਦੋਸ਼ਾਂ ਨੂੰ ਅੱਜ ਦੁਹਰਾਉਂਦੇ ਹੋਏ ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਸ਼ਹਿਰ ‘ਚ ਵਾਰਡ ਪੱਧਰ ਉਪਰ ਸਟਰੀਟ ਲਾਈਟਾਂ ਦੀ ਮੁਰੰਮਤ ਦਾ ਚੱਲ ਰਿਹਾ ਕੰਮ ਵੀ ਤਸੱਲੀਬਖਸ਼ ਨਹੀ ਹੈ। ਠੇਕੇਦਾਰ ਦੇ ਕਰਿੰਦੇ ਖਰਾਬ ਲਾਈਟਾਂ ਲਾਹ ਕੇ ਲੈ ਜਾਂਦੇ ਹਨ ਪਰ ਨਵੀਆਂ ਲਾਈਟਾਂ ਲਾਉਣ ਵਿਚ ਕਈ ਦਿਨ ਦੀ ਦੇਰੀ ਕੀਤੀ ਜਾਂਦੀ ਹੈ ਜਿਸ ਨਾਲ ਇਲਾਕੇ ਦਿਨ ਢਲਣ ਦੇ ਨਾਲ ਹੀ ਘੁੱਪ ਹਨੇਰੇ ਵਿਚ ਡੁੱਬ ਜਾਂਦੇ ਹਨ। ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਨੇ੍ਹਰੇ ਵਿਚ ਅਣਸੁਖਾਵੀ ਘਟਨਾ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਕੋਈ ਸੁਣਵਾਈ ਨਹੀ ਹੁੰਦੀ। ਉਹਨਾਂ ਫਗਵਾੜਾ ਕਾਰਪੋਰੇਸ਼ਨ ਵਿਚ ਹੋ ਰਹੀ ਘਪਲੇਬਾਜੀ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।