ਜਲੰਧਰ : ਐਸ.ਆਈ.ਟੀ ਵੱਲੋਂ ਪੇਸ਼ ਕੀਤੇ ਚਲਾਨ ਵਿੱਚ ਦੱਸੇ ਗਏ ਘਟਨਾਕ੍ਰਮ ਅਤੇ ਤੱਥ ਸੱਚਾ
ਸੋਦਾ ਦੇ ਡੇਰਾ ਮੁੱਖੀ ਖਿਲਾਫ ਬੇਅਦਬੀ ਮਾਮਲੇ ਨੂੰ ਤਹਿਸ ਨਹਿਸ ਕਰਨ ਵਿੱਚ ਸੁਖਬੀਰ ਬਾਦਲ
ਵੱਲੋਂ ਨਿਭਾਈ ਗਈ ਕੋਝੀ ਭੂਮਿਕਾ ਦਾ ਖੁਲਾਸਾ ਕਰਦੇ ਹਨ, ਜਿਹਨਾਂ ਕਾਰਨ ਰੋਸ ਮੁਜਾਹਰੇ
ਹੋਏ ਅਤੇ ਬਾਅਦ ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਫਾਇਰਿੰਗ ਹੋਈ – ਖਹਿਰਾ ( ਚਲਾਨ ਦਾ
ਲੋੜੀਂਦਾ ਹਿੱਸਾ ਨਾਲ ਨੱਥੀ ਹੈ)
ਸੀ.ਬੀ.ਆਈ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੀ ਗਈ ਕਲੋਜਰ ਰਿਪੋਰਟ ਦਾ ਵਿਰੋਧ ਕਰਨ ਵਾਲਾ ਸੁਖਬੀਰ
ਬਾਦਲ ਦੋਹਰੇ ਮਾਪਦੰਡ ਅਪਨਾ ਕੇ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ ਕਿਉਂਕਿ ਖੁਦ ਉਹ
ਅਜਿਹਾ ਵਿਅਕਤੀ ਹੈ ਜਿਸਨੇ ਕਿ 2012 ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਵੋਟ ਬੈਂਕ ਦੀ
ਰਾਜਨੀਤੀ ਕਾਰਨ ਡੇਰਾ ਮੁੱਖੀ ਖਿਲਾਫ ਬੇਅਦਬੀ ਮਾਮਲੇ ਨੂੰ ਢਹਿ ਢੇਰੀ ਕਰਨਾ ਯਕੀਨੀ
ਬਣਾਇਆ ਸੀ – ਖਹਿਰਾ ਬੇਅਦਬੀ ਮਾਮਲਿਆਂ ਉੱਪਰ ਸੁਸਤ ਅਤੇ ਨਾਂਮਾਤਰ ਕਾਰਵਾਈ ਕਰਕੇ ਕੈਪਟਨ ਅਮਰਿੰਦਰ
ਸਿੰਘ ਅਸਲ ਵਿੱਚ ਆਪਣੇ ਬਾਦਲ ਦੋਸਤਾਂ ਦੀ ਮਦਦ ਕਰ ਰਹੇ ਹਨ – ਖਹਿਰਾ
ਅੱਜ ਇਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ
ਭੁੱਲਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਸ.ਆਈ.ਟੀ ਚਲਾਨ ਦੇ ਤੱਥਾਂ ਨੂੰ ਰਿਲੀਜ ਕਰਦੇ
ਹੋਏ ਕਿਹਾ ਕਿ ਡੇਰਾ ਸੱਚਾ ਸੋਦਾ ਦੇ ਮੁੱਖੀ ਵੱਲੋਂ 2007 ਵਿੱਚ ਗੁਰੁ ਗੋਬਿੰਦ ਸਿੰਘ ਜੀ ਵਰਗੇ
ਕੱਪੜੇ ਪਹਿਨ ਕੇ ਕੀਤੀ ਗਈ ਬੇਅਦਬੀ ਤੋਂ ਲੈ ਕੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈ ਫਾਇਰਿੰਗ
ਤੱਕ ਦੇ ਘਟਨਾਕ੍ਰਮ ਬਾਦਲਾਂ ਵਿਸ਼ੇਸ਼ ਤੋਰ ਉੱਪਰ ਜੂਨੀਅਰ ਬਾਦਲ ਵੱਲੋਂ ਸੋੜੇ ਸਿਆਸੀ ਲਾਹੇ ਲਈ
ਨਿਭਾਈ ਗਈ ਸਾਜਿਸ਼ੀ ਭੂਮਿਕਾ ਅਤੇ ਸਾਡੇ ਦੇਸ਼ ਵਿੱਚ ਪ੍ਰਬਲ ਵੋਟ ਬੈਂਕ ਰਾਜਨੀਤੀ ਦਾ ਖੁਲਾਸਾ ਕਰਦੇ
ਹਨ।
ਖਹਿਰਾ ਨੇ ਕਿਹਾ ਕਿ ਐਸ.ਆਈ.ਟੀ ਦੀ ਜਾਂਚ ਅਨੁਸਾਰ ਸੁਖਬੀਰ ਬਾਦਲ ਜੋ ਕਿ ਗ੍ਰਹਿ ਮੰਤਰੀ ਸੀ
ਨੇ 30.01.2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪੰਜ ਦਿਨ ਪਹਿਲਾਂ ਬਠਿੰਡਾ ਦੇ ਥਾਣੇ
ਕੋਤਵਾਲੀ ਵਿੱਚ ਦਰਜ਼ ਐਫ.ਆਈ.ਆਰ 262/2007 ਨੂੰ ਖਤਮ ਅਤੇ ਕੈਂਸਲ ਕੀਤਾ ਜਾਣਾ ਯਕੀਨੀ
ਬਣਾਇਆ। ਚਲਾਨ ਦੱਸਦਾ ਹੈ ਕਿ ਇਸ ਤੋਂ ਅੱਗੇ ਚਲਾਨ ਦੇ ਪੰਨਾ ਨੰ 42 ਦਾ ਕਲੋਜ (iii) ਪੰਜਾਬ ਭਰ ਵਿੱਚ ਹੋ ਰਹੇ ਬੇਅਦਬੀ
ਮਾਮਲਿਆਂ ਕਾਰਨ ਮਿਤੀ 10.10.2015 ਨੂੰ ਉਸ ਵੇਲੇ ਦੇ ਏ.ਡੀ.ਜੀ.ਪੀ ਐਚ.ਐਸ ਢਿੱਲੋਂ ਆਈ.ਪੀ.ਐਸ ਦਾ ਤਬਾਦਲਾ ਕਰਕੇ ਉਸ ਦੀ ਜਗਾਹ ਹੇਠਲੇ ਡੀ.ਆਈ.ਜੀ ਰੈਂਕ ਦੇ ਜੂਨੀਅਰ ਅਫਸਰ
ਆਰ.ਕੇ. ਜਾਇਸਵਾਲ ਨੂੰ ਲਗਾਏ ਜਾਣ ਵਿੱਚ ਲਿੰਕ ਨੂੰ ਦਰਸਾਉਂਦਾ ਹੈ। ਖਹਿਰਾ ਨੇ ਖੁਲਾਸਾ
ਕੀਤਾ ਕਿ ਚਲਾਨ ਵਿੱਚ ਲਿਖਿਆ ਹੈ ਕਿ ਖਹਿਰਾ ਨੇ ਕਿਹਾ ਕਿ ਚਲਾਨ ਦੇ ਪੰਨਾ ਨੰ 44 ਦੇ ਕਲੋਜ (iii) ਅਨੁਸਾਰ 2007 ਵਿੱਚ ਸਲਾਬਤਪੁਰ
ਹਾਦਸੇ ਤੋਂ ਬਾਅਦ ਉਸ ਵੇਲੇ ਦੇ ਐਸ.ਜੀ.ਪੀ.ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੰਜਾਬ ਭਵਨ
ਦਿੱਲੀ ਵਿਖੇ ਇੱਕ ਮੀਟਿੰਗ ਸੱਦੀ ਜਿਥੇ ਕਿ ਇਹ ਫੈਸਲਾ ਕੀਤਾ ਗਿਆ ਕਿ ਡੇਰਾ ਮੁੱਖੀ ਨੂੰ ਅਕਾਲ ਤਖਤ
ਤੋਂ ਮੁਆਫੀ ਮੰਗਣ ਲਈ ਪ੍ਰੇਰਿਤ ਕਰਨ ਵਾਸਤੇ ਵੱਖ ਵੱਖ ਧਰਮ ਮੁੱਖੀਆਂ ਦਾ ਇੱਕ ਵਫਦ ਸਿਰਸਾ
ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਸਾਬਕਾ ਐਮ.ਪੀ ਤਿਰਲੋਚਨ ਸਿੰਘ ਨੇ ਐਸ.ਆਈ.ਟੀ ਨੂੰ
ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਸਵਾਮੀ ਅਗਨੀਵੇਸ਼ ਅਤੇ ਚਾਰ ਹੋਰਨਾਂ ਵੱਲੋਂ ਡੇਰਾ ਮੁੱਖੀ ਤੱਕ
ਲਿਜਾਇਆ ਗਿਆ ਮੁਆਫੀਨਾਮਾ ਉਹਨਾਂ ਨੇ ਡਰਾਫਟ ਕੀਤਾ ਸੀ। ਉਹ ਸਾਰੇ ਡੇਰਾ ਮੁੱਖੀ ਦੇ
ਹਸਤਾਖਰ ਲੈਣ ਵਿੱਚ ਕਾਮਯਾਬ ਹੋ ਗਏ ਜਿਸ ਨੂੰ ਕਿ ਬਾਅਦ ਵਿੱਚ ਅੰਮ੍ਰਿਤਸਰ ਲਿਜਾਇਆ ਗਿਆ
ਪਰੰਤੂ ਉਸ ਸਮੇਂ ਦੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਸ
ਨੂੰ ਮਨਜੂਰ ਕਰਨ ਤੋਂ ਇਨਕਾਰ ਕਰ ਦਿੱਤਾ।
ਖਹਿਰਾ ਨੇ ਕਿਹਾ ਕਿ ਦਿਲਚਸਪ ਅਤੇ ਦੁਖਦਾਈ ਪਹਿਲੂ ਇਹ ਹੈ ਕਿ ਬਾਅਦ ਵਿੱਚ 24 ਸਿਤੰਬਰ 2015
ਨੂੰ ਸਵਾਮੀ ਅਗਨੀਵੇਸ਼ ਵੱਲੋਂ ਸੋਂਪੀ ਗਈ 2007 ਦੀ ਪੁਰਾਣੀ ਚਿੱਠੀ ਦੇ ਅਧਾਰ ਉੱਪਰ ਹੀ ਜਥੇਦਾਰ
ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦੋਸ਼ੀ ਡੇਰਾ ਮੁੱਖੀ ਨੂੰ ਮੁਆਫੀ ਦੇ ਦਿੱਤੀ।
ਉਹਨਾਂ ਕਿਹਾ ਕਿ ਹੋਰ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਐਸ.ਆਈ.ਟੀ ਨੂੰ ਦਿੱਤੇ ਆਪਣੇ ਬਿਆਨ ਵਿੱਚ
ਉਸ ਵੇਲੇ ਦੇ ਜਥੇਦਾਰ ਤਖਤ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਕਿਹਾ ਹੈ ਕਿ ਖਿਮਾ ਦਾ
ਯਾਚਕ ਸ਼ਬਦ ਮੁਆਫੀ ਦੇਣ ਸਮੇਂ 24 ਸਿੰਤਬਰ 2015 ਨੂੰ ਚਿੱਠੀ ਵਿੱਚ ਅਕਾਲ ਤਖਤ ਸਾਹਿਬ ਵਿਖੇ
ਜੋੜਿਆ ਗਿਆ ਸੀ। ਖਹਿਰਾ ਨੇ ਕਿਹਾ ਕਿ ਹੋਰਨਾਂ ਸ਼ਬਦਾਂ ਵਿੱਚ ਸਰਵ ਉੱਚ ਧਾਰਮਿਕ ਕੁਰਸੀ ਉੱਪਰ
ਬੈਠੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਮਰਿਆਦਾ ਦੀ ਉਲੰਘਣਾ ਖੁਦ ਹੀ
ਕੀਤੀ। ਖਹਿਰਾ ਨੇ ਕਿਹਾ ਕਿ ਬਾਦਲਾਂ ਦੀ ਕਠਪੁਤਲੀ ਵਜੋਂ ਕੰਮ ਕਰਨ ਵਾਲੇ ਗਿਆਨੀ ਗੁਰਬਚਨ ਸਿੰਘ
ਉਹਨਾਂ ਦੇ ਇਸ਼ਾਰੇ ਬਿਨਾਂ ਇਹ ਪਾਪ ਨਹੀਂ ਕਰ ਸਕਦੇ ਸਨ। ਇਸ ਤੋਂ ਬਾਅਦ ਸ਼ਾਜਿਸਕਰਤਾਵਾਂ ਵੱਲੋਂ
ਇਸ ਗਲਤ ਮੁਆਫੀ ਨੂੰ ਜਾਇਜ ਠਹਿਰਾਉਣ ਲਈ ਐਸ.ਜੀ.ਪੀ.ਸੀ ਰਾਹੀਂ 36 ਲੱਖ ਅਤੇ 46.50 ਲੱਖ ਰੁਪਏ
ਖਰਚੇ ਗਏ।
ਖਹਿਰਾ ਨੇ ਦੱਸਿਆ ਕਿ ਚਲਾਨ ਦੇ ਪੰਨਾ ਨੰ 48 ਉੱਪਰ ਸਪੱਸ਼ਟ ਤੋਰ ਉੱਤੇ ਦੱਸਿਆ ਗਿਆ
ਹੈ ਕਿ 14.10.2015 ਨੂੰ ਕੋਟਕਪੂਰਾ ਵਿਖੇ ਧਰਨੇ ਉੱਪਰ ਬੈਠੇ ਲੋਕ ਕਿਸੇ ਪ੍ਰਕਾਰ ਵੀ ਭੜਕੇ ਹੋਏ
ਨਹੀਂ ਸਨ ਅਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਉੱਪਰ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਬੇਲੋੜੀ
ਸੀ ਇਹ ਸਾਰੇ ਤੱਥ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਵਿੱਚ ਵੀ ਸਾਹਮਣੇ ਆਏ ਹਨ।
ਜੂਨੀਅਰ ਬਾਦਲ ਨੇ ਬਹੁਤ ਹੀ ਚਤੁਰਾਈ ਨਾਲ ਬੇਅਦਬੀ ਘਟਨਾਵਾਂ ਤੋਂ ਧਿਆਨ ਹਟਾਉਣ ਅਤੇ
ਅਸਲ ਦੋਸ਼ੀਆਂ ਨੂੰ ਬਚਾਉਣ ਵਾਸਤੇ ਦੋ ਭਰਾਵਾਂ ਰੁਪਿੰਦਰ ਅਤੇ ਜਸਵਿੰਦਰ ਨੂੰ ਥਰਡ ਡਿਗਰੀ ਟੋਰਚਰ
ਰਾਹੀਂ ਝੂਠਾ ਫਸਾਉਣ ਦੀ ਕੋਸ਼ਿਸ਼ ਵੀ ਕੀਤੀ।
ਖਹਿਰਾ ਨੇ ਕਿਹਾ ਕਿ 02.04.2019 ਨੂੰ ਜੇ.ਐਮ.ਆਈ.ਸੀ ਫਰੀਦਕੋਰਟ ਏਕਤਾ ਉੱਪਲ ਦੇ
ਹੁਕਮਾਂ ਦੇ ਬਾਵਜੂਦ ਡੀ.ਸੀ ਰੋਹਤਕ ਵੱਲੋਂ ਰੋਹਤਕ ਜੇਲ ਵਿੱਚ ਬੰਦ ਡੇਰਾ ਮੁੱਖੀ ਤੋਂ ਪੁੱਛ ਗਿੱਛ ਕੀਤੇ
ਜਾਣ ਦੀ ਇਜਾਜਤ ਨਾ ਦਿੱਤਾ ਜਾਣਾ ਵੀ ਬਾਦਲਾਂ ਵੱਲੋਂ ਆਪਣੇ ਗਠਜੋੜ ਭਾਈਵਾਲ ਭਾਜਪਾ ਦੀ ਹਰਿਆਣਾ
ਵਿਚਲੀ ਸਰਕਾਰ ਉੱਪਰ ਬਣਾਏ ਗਏ ਦਬਾਅ ਦਾ ਨਤੀਜਾ ਹੈ ਤਾਂ ਕਿ ਪੂਰੇ ਡਰਾਮੇ ਵਿੱਚ ਉਹਨਾਂ ਦੇ
ਦੋਸ਼ੀ ਸਾਬਿਤ ਹੋਣ ਦਾ ਹੋਰ ਜਿਆਦਾ ਖੁਲਾਸਾ ਨਾ ਹੋ ਸਕੇ।
ਖਹਿਰਾ ਨੇ ਕਿਹਾ ਕਿ ਐਸ.ਆਈ.ਟੀ ਚਲਾਨ ਦੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ
ਪੂਰੀ ਤਰਾ ਨਾਲ ਸਾਫ ਹੋ ਗਿਆ ਹੈ ਕਿ ਬਾਦਲਾਂ ਅਤੇ ਉਹਨਾਂ ਦੇ ਜੁੰਡਲੀਦਾਰ ਅਫਸਰਾਂ ਨੇ ਬੇਅਦਬੀ
ਅਤੇ ਕੋਟਕਪੂਰਾ ਫਾਇਰਿੰਗ ਵਿੱਚ ਕੋਝੀ ਭੂਮਿਕਾ ਨਿਭਾਈ ਅਤੇ ਹੁਣ ਸੀ.ਬੀ.ਆਈ. ਵੱਲੌਂ ਦਾਇਰ
ਕੀਤੀ ਗਈ ਕਲੋਜਰ ਰਿਪੋਰਟ ਉੱਪਰ ਮਗਰਮੱਛ ਦੇ ਹੰਝੂ ਵਹਾਅ ਕੇ ਦੋਹਰੇ ਮਾਪਦੰਡ ਅਪਨਾਉਂਦੇ
ਹੋਏ ਇਸ ਨੂੰ ਨਿੰਦ ਰਹੇ ਹਨ। ਜਦਕਿ ਉਹਨਾਂ ਵੱਲੋਂ ਸੀ.ਬੀ.ਆਈ ਨੂੰ ਬੇਅਦਬੀ ਜਾਂਚ ਸੋਂਪਣਾ
ਉਹਨਾਂ ਦੀ ਸੋਚੀ ਸਮਝੀ ਚਾਲ ਸੀ ਤਾਂ ਕਿ ਮਾਮਲਾ ਹੋਰ ਜਿਆਦਾ ਉਲਝ ਜਾਵੇ ਅਤੇ ਆਖਿਰ ਕਲੀਨ ਚਿੱਟ ਮਿਲ
ਜਾਵੇ। ਇਸ ਦੇ ਨਾਲ ਹੀ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਖਤ ਸ਼ਬਦਾਂ ਵਿੱਚ ਅਲੋਚਨਾ ਕੀਤੀ ਜੋ ਕਿ
ਬੇਅਦਬੀ ਅਤੇ ਬਹਿਬਲ ਕਲਾਂ ਫਾਇਰਿੰਗ ਦੀ ਜਾਂਚ ਵਿੱਚ ਢਿੱਲ ਮੱਠ ਅਪਨਾ ਰਹੇ ਹਨ ਅਤੇ ਆਪਣੇ ਮਿੱਤਰ
ਬਾਦਲਾਂ ਨੂੰ ਬਚਾਉਣ ਲਈ ਐਸ.ਆਈ.ਟੀ ਦੇ ਰਾਸਤੇ ਵਿੱਚ ਰੁਕਾਵਟਾਂ ਖੜੀਆਂ ਕਰ ਰਹੇ ਹਨ। ਖਹਿਰਾ
ਨੇ ਹਮਖਿਆਲੀ ਵਿਰੋਧੀ ਪਾਰਟੀਆਂ ਅਤੇ ਸੱਚੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਮੁੜ ਫਿਰ ਇੱਕ
ਵਾਰ ਇੱਕਠੇ ਹੋਕੇ ਗੁਰੁ ਨਾਨਕ ਨਾਮ ਲੇਵਾ ਅਤੇ ਸਹੀ ਸੋਚ ਦੇ ਮਾਲਿਕ ਵਿਅਕਤੀਆਂ ਦੀ ਇੱਛਾ
ਅਨੁਸਾਰ ਮੁੱਦੇ ਦੇ ਇਨਸਾਫ ਲਈ ਸੰਘਰਸ਼ ਛੇੜੀਏ।