ਫਗਵਾੜਾ 12 ਜੂਨ (ਸ਼ਿਵ ਕੋੜਾ) ਅੰਬੇਡਕਰ ਸੈਨਾ ਦੇ ਚੇਅਰਮੈਨ ਅਤੇ ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਰਜਿੰਦਰ ਘੇੜਾ ਨੇ ਜਿਲ੍ਹਾ ਕਪੂਰਥਲਾ ਦੇ ਨਵ ਨਿਯੁਕਤ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਉਹਨਾਂ ਦੇ ਨਾਲ ਮੋਂਟੀ ਮਹਿਮੀ, ਧਰਮਿੰਦਰ ਭੁੱਲਾਰਾਈ ਅਤੇ ਸੰਦੀਪ ਦੀਪਾ ਵੀ ਸਨ। ਐਸ.ਐਸ.ਪੀ. ਖੱਖ ਨੂੰ ਗੁਲਦਸਤਾ ਭੇਂਟ ਕਰਦਿਆਂ ਉਹਨਾਂ ਦੀ ਬਤੌਰ ਐਸ.ਐਸ.ਪੀ. ਨਿਯੁਕਤੀ ਦਾ ਸਵਾਗਤ ਕਰਦਿਆਂ ਰਜਿੰਦਰ ਘੇੜਾ ਨੇ ਭਰੋਸਾ ਦਿੱਤਾ ਕਿ ਫਗਵਾੜਾ ਦੀ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਅਪਰਾਧ ਦੇ ਖਾਤਮੇ ਲਈ ਜੋ ਵੀ ਕਦਮ ਪੁਲਿਸ ਪ੍ਰਸ਼ਾਸਨ ਵਲੋਂ ਚੁੱਕੇ ਜਾਣਗੇ ਉਹ ਹਰ ਸੰਭਵ ਸਹਿਯੋਗ ਕਰਨਗੇ। ਇਸ ਮੌਕੇ ਐਸ.ਐਸ.ਪੀ. ਖੱਖ ਨੇ ਵੀ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੇ ਹਿੱਤ ਵਿਚ ਕੰਮ ਕਰਦੀ ਹੈ। ਜਨਤਾ ਦੇ ਸਹਿਯੋਗ ਤੋਂ ਬਿਨਾਂ ਅਪਰਾਧ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਸ ਲਈ ਸਮੂਹ ਜਿਲ੍ਹੇ ਦੇ ਨਾਗਰਿਕਾਂ ਨੂੰ ਪੁਰਜੋਰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਤੇ ਖਾਸ ਤੌਰ ਤੇ ਡਰੱਗ ਮਾਫੀਆ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਜਨਤਾ ਨੂੰ ਅਪਰਾਧ ਮੁਕਤ ਵਾਤਾਵਰਣ ਪ੍ਰਦਾਨ ਕੀਤਾ ਜਾ ਸਕੇ। ਇਸ ਮੁਲਾਕਾਤ ਉਪਰੰਤ ਫਗਵਾੜਾ ਵਿਖੇ ਜਾਣਕਾਰੀ ਦਿੰਦਿਆਂ ਰਜਿੰਦਰ ਘੇੜਾ ਨੇ ਕਿਹਾ ਕਿ ਹਰਕਮਲਪ੍ਰੀਤ ਸਿੰਘ ਖੱਖ ਪਹਿਲਾਂ ਫਗਵਾੜਾ ਵਿਚ ਵੀ ਬੇਹਤਰੀਨ ਸੇਵਾਵਾਂ ਦੇ ਚੁੱਕੇ ਹਨ। ਉਹਨਾਂ ਦੀ ਕੋਸ਼ਿਸ਼ ਹਮੇਸ਼ਾ ਹੀ ਲੋਕਾਂ ਨੂੰ ਨਿਰਪੱਖਤਾ ਨਾਲ ਨਿਆ ਦੇਣ ਦੀ ਰਹਿੰਦੀ ਹੈ। ਇਸ ਲਈ ਪੂਰੀ ਉਮੀਦ ਹੈ ਕਿ ਐਸ.ਐਸ.ਪੀ. ਕਪੂਰਥਲਾ ਦੇ ਅਹੁਦੇ ਤੇ ਰਹਿੰਦਿਆਂ ਉਹ ਪੂਰੇ ਜਿਲ੍ਹੇ ਦੇ ਲੋਕਾਂ ਦੀਆਂ ਉਮੀਦਾਂ ਉਪਰ ਖਰੇ ਉਤਰਣਗੇ।