ਜਲੰਧਰ 30 ਅਗਸਤ (ਨਿਤਿਨ ਕੌੜਾ) ਐੱਨ.ਐੱਸ.ਐੱਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬ ਐਲਕੇਸੀ ਵੱਲੋਂ ਰੱਖੜੀ ਦੀ ਪੂਰਵ ਸੰਧਿਆ ’ਤੇ ਬਲੱਡ ਬੈਂਕ, , ਸਿਵਲ ਹਸਪਤਾਲ, ਜਲੰਧਰ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪ੍ਰਿੰਸੀਪਲ ਪ੍ਰੋ: ਜਸਰੀਨ ਕੌਰ, ਉੱਘੇ ਸਮਾਜ ਸੇਵੀ ਸੁਰਿੰਦਰ ਸੈਣੀ ਅਤੇ ਡਾ: ਨਵਨੀਤ ਕੌਰ ਨੇ ਕੀਤਾ। ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਵਿਦਿਆਰਥੀਆਂ ਨੂੰ ਇਸ ਨੇਕ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਕੈਂਪ ਨੂੰ ਰੱਖੜੀ ਬਨਣ ਦੇ ਤਿਉਹਾਰ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਖੂਨਦਾਨ ਕਰਕੇ ਅਸੀਂ ਸੱਚੇ ਅਰਥਾਂ ਵਿੱਚ ਮਨੁੱਖਤਾ ਦੀ ਸੇਵਾ ਕਰ ਸਕਦੇ ਹਾਂ। ਸ੍ਰੀ ਸੈਣੀ ਨੇ ਖ਼ੂਨਦਾਨ ਸਬੰਧੀ ਝੂਠੀਆਂ ਮਿੱਥਾਂ ਨੂੰ ਨਕਾਰਦਿਆਂ ਵਿਦਿਆਰਥੀਆਂ ਨੂੰ ਖ਼ੂਨਦਾਨ ਕਰਕੇ ਕੀਮਤੀ ਜਾਨਾਂ ਬਚਾਉਣ ਦੀ ਅਪੀਲ ਕੀਤੀ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਕੁੱਲ 50 ਯੂਨਿਟ ਇਕੱਤਰ ਕੀਤੇ ਗਏ। ਐਨਐਸਐਸ ਵਲੰਟੀਅਰਾਂ ਨੇ ਵਿਦਿਆਰਥੀਆਂ ਲਈ ਪੋਸਟਰ ਬਣਾ ਕੇ ਅਤੇ ਨਾਅਰੇ ਲਗਾ ਕੇ ਖੂਨ ਦਾਨ ਕਰਨ ਲਈ ਪ੍ਰੇਰਤਿ ਕੀਤਾ। ਇਸ ਮੌਕੇ ਪ੍ਰੋ: ਹਰਜਿੰਦਰ ਸਿੰਘ ਸੇਖੋਂ, ਪ੍ਰੋ: ਸੋਨੂੰ ਗੁਪਤਾ, ਪ੍ਰੋ: ਬਲਰਾਜ ਸਿੰਘ, ਪ੍ਰੋ: ਗੁਰਮੁੱਖ ਸਿੰਘ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰ ਹਰਜੀਤ ਸਿੰਘ ਅਤੇ ਇੰਦਰਜੀਤ ਗਿੱਲ ਨੇ ਵੀ ਖ਼ੂਨਦਾਨ ਕੀਤਾ। ਕੈਂਪ ਵਿੱਚ ਐਨਐਸਐਸ ਵਾਲੰਟੀਅਰ ਨਿਤਿਨ ਵਾਲੀਆ, ਮੋਹਨ ਠਾਕੁਰ, ਕ੍ਰਿਤਿਕਾ, ਜਸਪ੍ਰੀਤ ਅਤੇ ਹੋਰਾਂ ਨੇ ਜੋਸ਼ ਨਾਲ ਕੰਮ ਕੀਤਾ। ਇਸ ਕੈਂਪ ਦੌਰਾਨ ਪ੍ਰੋ: ਜਸਵਿੰਦਰ ਕੌਰ, ਪ੍ਰੋ: ਗਗਨਦੀਪ ਕੌਰ, ਪ੍ਰੋਗਰਾਮ ਅਫ਼ਸਰ ਸਰਬਜੀਤ ਸਿੰਘ ਅਤੇ ਪੋ੍ਰ: ਹੇਮਿੰਦਰ ਸਿੰਘ ਨੇ ਵੀ ਆਪਣੀ ਭੂਮਿਕਾ ਨਿਭਾਈ।