ਜਲੰਧਰ : ਔਰਤ, ਕੁਦਰਤ ਦਾ ਇੱਕ ਪ੍ਰਤੱਖ ਰੂਪ, ਜੋ ਕੇ ਆਪਣੇ ਕਿਸੇ ਵੀ ਰੂਪ ਵਿਚ ਹੋਵੇ ਹਰ ਇਕ ਭੂਮਿਕਾ ਬਾਖੂਬੀ ਨਿਭਾਉਂਦੀ ਹੈ। ਜ਼ਿੰਦਗੀ ਦੇ ਬਦਲਦੇ ਅਲੱਗ ਅਲੱਗ ਪੜਾਵਾਂ ਵਿੱਚ ਆਪਣੇ ਹਰ ਇਕ ਰਿਸ਼ਤੇ ਤੇ ਜਿੰਮੇਵਾਰੀ ਨੂੰ ਨਿਭਾਉਣ ਦੀ ਕਾਬਲੀਅਤ ਆਪਣੇ ਨਾਲ ਹੀ ਲੈ ਕੇ ਪੈਦਾ ਹੁੰਦੀ ਹੈ ਅਤੇ ਸਮੇਂ-ਸਮੇਂ ਤੇ ਇਹ ਕਾਬਲੀਅਤ ਤਜਰਬੇ ਦਾ ਰੂਪ ਲੈ ਕੇ ਕਦੇ ਇਕ ਧੀ, ਕਦੇ ਭੈਣ, ਕਦੇ ਜੀਂਵਨਸਾਥੀ ਤੇ ਕਦੇ ਮਾਂ ਦੇ ਕਿਰਦਾਰ ਵਿੱਚ ਸਭ ਰਿਸ਼ਤਿਆਂ ਨੂੰ ਸਾਂਭਦੀ ਅਤੇ ਉਹਨਾਂ ਦਾ ਪੋਸ਼ਣ ਕਰਦੀ ਹੈ।
ਕੁਦਰਤੀ ਤੌਰ ਤੇ ਹੀ ਔਰਤ ਵਿੱਚ ਜ਼ਿਆਦਾ ਸਹਿਣਸ਼ੀਲਤਾ, ਠਹਿਰਾਅ ਅਤੇ ਬਲੀਦਾਨ ਦੀ ਤਾਸੀਰ ਮਰਦ ਦੇ ਮੁਕਾਬਲੇ ਜਿਆਦਾ ਹੁੰਦੀ ਹੈ। ਕਿਸੇ ਵੀ ਰਿਸ਼ਤੇ ਦੀ ਸੰਪੂਰਨਤਾ ਉਸ ਰਿਸ਼ਤੇ ਵਿੱਚ ਔਰਤ ਦਾ ਹੋਣਾ ਲਾਜ਼ਮੀ ਹੈ। ਜਿੰਨਾਂ ਘਰਾਂ ਵਿੱਚ ਧੀਆਂ ਹੁੰਦੀਆਂ ਹਨ ਉਹ ਘਰ ਓਨਾ ਘਰਾਂ ਦੇ ਮੁਕਾਬਲੇ ਜਿਆਦਾ ਖੁਸ਼ਹਾਲ ਅਤੇ ਸੰਪੂਰਨ ਹਨ ਜਿੱਥੇ ਧੀਆਂ ਨਹੀਂ ਹਨ। ਅਨੇਕਾਂ ਹੀ ਅਜਿਹੀਆਂ ਦਲੀਲਾਂ ਅਤੇ ਉਦਹਾਰਣਾਂ ਹਨ ਜੋ ਇਹ ਸਾਬਿਤ ਕਰਨ ਲਈ ਕਾਫੀ ਹਨ ਕਿ ਔਰਤ ਸੱਚ-ਮੁੱਚ ਹੀ ਪ੍ਰਕਿਰਤੀ ਦਾ ਅਨਮੋਲ ਤੋਫ਼ਾ ਹੈ। ਇਨ੍ਹਾਂ ਸਭ ਗੱਲਾਂ ਨੂੰ ਸਭ ਜਾਣਦੇ ਹਨ ਅਤੇ ਸਭ ਸਮਝਦੇ ਹਨ ਪਰ ਫਿਰ ਵੀ ਸਮਾਜ ਵਿੱਚ ਔਰਤ ਦੀ ਸਤਿਥੀ ਉਸਦਾ ਰੁਤਬਾ ਉਸਦੀ ਕਾਬਲੀਅਤ ਦੇ ਹਿਸਾਬ ਨਾਲ ਨਹੀਂ ਹੈ। ਸਮਾਜ ਵਿੱਚ ਕੁਝ ਅਜਿਹੇ ਰੂੜੀਵਾਦੀ ਵਾਦੀ ਸੋਚ ਵਾਲੇ ਲੋਕ ਹਨ ਜੋ ਔਰਤ ਨੂੰ ਇਨਸਾਨ ਨਹੀਂ ਸਮਝਦੇ ਅਤੇ ਇਕ ਨਿਰਜੀਵ ਸਮਾਨ ਵਾਂਗੂ ਵਤੀਰਾ ਕੀਤਾ ਜਾਂਦਾ ਹੈ। ਨਿੱਤ ਦਾਜ਼ ਦੇ ਲੋਭੀ ਨਾਜ਼ਾਂ ਨਾਲ ਪਾਲੀ ਧੀ ਨੂੰ ਤਸੀਹੇ ਦੇਣੋ ਨਹੀਂ ਝੱਕਦੇ, ਤੰਗ ਅਤੇ ਗੰਦਾ ਨਜ਼ਰੀਆ ਕਿਸੇ ਵੀ ਆਉਂਦੀ ਜਾਂਦੀ ਕੁੜੀ ਨੂੰ ਮਾਲ, ਪੁਰਜਾ ਜਾਂ ਪਲੋਟਾ ਹੀ ਸਮਝਦਾ ਹੈ, ਦਫਤਰਾਂ ਵਿੱਚ ਔਰਤ ਨੂੰ ਕਿੰਨੀਆਂ ਹੀ ਮੈਲੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਤੋਂ ਵੱਡਾ ਅਪਰਾਧ ਅਤੇ ਧੱਕਾ ਕਿ ਧੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਣਾ। ਕਹਿਣ ਨੂੰ ਤਾਂ ਅਸੀਂ ਬਹੁਤ ਆਧੁਨਿਕ ਅਤੇ ਮੌਡਰਨ ਜ਼ਮਾਨੇ ਵਿੱਚ ਜੀ ਰਹੇ ਹਾਂ ਪਰ ਦਿਮਾਗੀ ਤੌਰ ਤੇ ਅੱਜ ਵੀ ਪਿਛਲੀਆਂ ਸਦੀਆਂ ਵਿੱਚ ਹੀ ਹਾਂ। ਨਵੀਆਂ ਕਾਢਾਂ, ਨਵੇਂ ਫੈਸ਼ਨ, ਨਵੇਂ ਨਵੇਂ ਯੰਤਰ, ਆਧੁਨਿਕ ਸੰਚਾਰ ਸਾਧਨਾਂ ਦੀ ਭਰਮਾਰ ਹੋਣ ਦੇ ਭਾਵਜੂਦ ਮੌਲਿਕ ਸਿਧਾਂਤਾਂ ਦੀ ਅੱਜ ਵੀ ਓਨੀ ਹੀ ਘਾਟ ਹੈ ਜਿੰਨੀ ਪਹਿਲਿਆਂ ਸਮਿਆਂ ਵਿੱਚ ਸੀ।
ਇਹ ਸਭ ਗੱਲਾਂ ਕੋਈ ਨਵੀਆਂ ਨਹੀਂ ਹਨ, ਤੇ ਨਾ ਕੋਈ ਇਨਾ ਤੋਂ ਅਣਜਾਣ ਹੈ, ਪਰ ਕੀ ਕਾਰਨ ਹਨ ਕਿ ਸਭ ਗ਼ਲਤ ਸਹੀ ਦਾ ਪਤਾ ਹੋਣ ਦੇ ਬਾਵਜੂਦ ਕੁਝ ਵੀ ਨਹੀਂ ਬਦਲ ਰਿਹਾ। ਕਿਤੇ ਤਾਂ ਕੋਈ ਕਮੀ ਹੈ, ਕੋਈ ਤਾਂ ਤੱਤ ਅਜਿਹਾ ਹੈ ਜੋ ਅਸੀਂ ਸਮਝ ਨਹੀਂ ਰਹੇ ਜਾਂ ਸਮਝਣਾ ਨਹੀਂ ਚਾਉਂਦੇ। ਮੇਰੀ ਸਮਝ, ਨਿਜੀ ਤਜਰਬਿਆਂ ਅਤੇ ਅਲੱਗ-ਅਲੱਗ ਰਿਪੋਰਟਾਂ ਦੇ ਮੁਤਾਬਿਕ ਔਰਤ ਉੱਤੇ ਹੋਣ ਵਾਲੇ ਕਿਸੇ ਵੀ ਜ਼ੁਲਮ ਜਾਂ ਨਾਬਰਾਬਰੀ ਦੇ ਹਕ਼ ਪਿਛੇ ਮਰਦ ਨਾਲੋਂ ਜਿਆਦਾ ਜਿੰਮੇਵਾਰ ਔਰਤ ਖ਼ੁਦ ਹੈ। ਇਸ ਗੱਲ ਦੀ ਗਹਿਰਾਈ ਨੂੰ ਸਮਝਣ ਲਈ ਸ਼ੁਰੂ ਤੋਂ ਸ਼ੁਰੂ ਕਰਨ ਦੀ ਲੋੜ ਹੈ ਕੇ ਕਿਵੇਂ ਖੁਦ ਔਰਤ ਹੀ ਆਪਣੇ ਲਈ ਕੰਡੇ ਬੀਜਦੀ ਹੈ ਅਤੇ ਫਿਰ ਜਦ ਉਹ ਕੰਡੇ ਹਰ ਜਗਾਹ ਖਿੱਲਰ ਜਾਂਦੇ ਹਨ ਤਾਂ ਉਸਦੇ ਹੀ ਪੈਰਾਂ ਨੂੰ ਲਹੂ ਲੁਹਾਣ ਕਰਦੇ ਹਨ।
ਮੁਸ਼ਕਿਲਾਂ ਦੀ ਅਸਲੀ ਸ਼ੁਰੂਵਾਤ ਉਸ ਦਿਨ ਹੀ ਹੋ ਗਈ ਸੀ ਜਿਸ ਦਿਨ ਇਕ ਮਾਂ ਨੇ ਇਹ ਫੈਸਲਾ ਲਿਆ ਕੇ ਉਹ ਆਪਣੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਸਿਫ਼ਰ ਇਸ ਸ਼ਰਤ ਤੇ ਜਨਮ ਦੇਵੇਗੀ ਜੇ ਉਹ ਮੁੰਡਾ ਹੋਵੇਗਾ, ਇਹ ਗੱਲ ਸਾਡੇ ਸਮਾਜ ਵਿੱਚ ਐਨੀ ਆਮ ਹੈ ਕੇ ਇਸਨੂੰ ਸਾਬਤ ਕਰਨ ਦੀ ਲੋੜ ਨਹੀਂ, ਅਗਰ ਕਿਸੇ ਦੇ ਪਹਿਲੀ ਔਲਾਦ ਲੜਕੀ ਹੈ ਤਾਂ ਇਕ ਸਰਵੇ ਦੇ ਮੁਤਾਬਿਕ 70% ਤੋਂ ਜਿਆਦਾ ਲੋਕ ਇਹ ਪਤਾ ਲਗਾਉਣ ਚਾਉਂਦੇ ਹਨ ਕਿ ਕੁੱਖ ਵਿਚ ਕੁੜੀ ਹੈ ਜਾਂ ਮੁੰਡਾ ਤੇ ਇਸਦੇ ਫਲਸਰੂਪ ਇਹ ਤੈਅ ਕੀਤਾ ਜਾਂਦਾ ਹੈ ਕਿ ਉਹ ਨੰਨੀ ਜਾਣ ਇਸ ਜਹਾਨ ਤੇ ਆਵੇਗੀ ਜਾ ਨਹੀਂ। ਇਸ ਸਮੇਂ ਹੋਰ ਵੀ ਜਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕੇ ਇਕ ਪਿਤਾ ਦੇ ਮੁਕਾਬਲੇ ਇਕ ਮਾਂ ਦੇ ਦਿਲ ਵਿੱਚ ਪੁੱਤ ਦੀ ਖੁਵਾਹਿਸ਼ ਜ਼ਿਆਦਾ ਅਨੁਪਾਤ ਵਿੱਚ ਹੈ। ਇਸ ਗੱਲ ਨੂੰ ਪੜ੍ਹ ਕੇ ਕਈ ਲੋਕ ਹੈਰਾਨ ਹੋਣਗੇ ਅਤੇ ਇਸਨੂੰ ਗ਼ਲਤ ਸਮਝਣਗੇ ਪਰ ਇਹ ਸੱਚਾਈ ਹੈ। ਇਕ ਮਾਂ ਤੋਂ ਬਾਅਦ ਲੜਕੇ ਦੀ ਖ਼ਵਾਹਿਸ਼ ਸਭ ਤੋਂ ਜਿਆਦਾ ਦਾਦੀ ਨੂੰ ਹੁੰਦੀ ਹੈ ਜੋ ਕੇ ਬਦਕਿਸਮਤੀ ਨਾਲ ਖੁਦ ਇਕ ਔਰਤ ਹੈ। ਅਲੱਗ-ਅਲੱਗ ਰਿਪੋਰਟਾਂ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕੇ ਮਾਂ ਅਤੇ ਦਾਦੀ ਦੇ ਮੁਕਾਬਲੇ ਪਿਤਾ ਅਤੇ ਦਾਦੇ ਵਿੱਚ ਇਹ ਪੱਖਪਾਤ ਘੱਟ ਕੀਤਾ ਜਾਂਦਾ ਹੈ। ਧੀ ਨੂੰ ਜਨਮ ਕੋਈ ਨਹੀਂ ਦੇਣਾ ਚਾਉਂਦਾ ਪਾਲਣਾ ਨਹੀਂ ਚਾਉਂਦਾ ਪਰ ਨੂੰਹ ਹਰ ਕਿਸੇ ਨੂੰ ਸੋਹਣੀ ਤੇ ਸੁਨੱਖੀ ਚਾਹੀਦੀ ਹੈ।
ਜਿਸ ਸਮਾਜ ਵਿੱਚ ਵਿਤਕਰਾ ਅਤੇ ਪੱਖਪਾਤ ਜਨਮ ਤੋਂ ਪਹਿਲਾਂ ਆਪਣੇ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਕਿਸੇ ਦੂਜੇ ਤੇ ਕੀ ਉਂਗਲੀ ਚੁੱਕ ਸਕਦੇ ਹਾਂ। ਘਰੇਲੂ ਹਿੰਸਾ ਵਿੱਚ ਵੀ ਮਰਦਾਂ ਦੇ ਨਾਲ-ਨਾਲ ਔਰਤਾਂ ਦਾ ਉਨ੍ਹਾਂ ਹੀ ਯੋਗਦਾਨ ਹੈ। ਅਗਰ ਕੋਈ ਮਰਦ ਔਰਤ ਉੱਤੇ ਤਸ਼ੱਦਦ ਕਰਦਾ ਹੈ ਤਾਂ ਉਸਦੀ ਮਾਂ, ਉਸਦੀ ਭੈਣ ਇਕ ਔਰਤ ਹੋਣ ਦੇ ਨਾਤੇ ਉਸਨੂੰ ਰੋਕ ਸਕਦੀ ਹੈ, ਸਮਝਾ ਸਕਦੀ ਹੈ, ਸਹੀ ਜ਼ਿੰਦਗੀ ਜੀਣ ਦਾ ਰਾਹ ਦਿਖਾ ਸਕਦੀ ਹੈ ਪਰ ਇਸਦੇ ਉਲਟ ਸੱਸ ਘਰੇਲੂ ਹਿੰਸਾ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਇਸਦੇ ਉਲਟ ਇਕ ਨੂੰਹ
ਆਪਣੀ ਸੱਸ ਨਾਲ ਸਹੀ ਵਿਵਹਾਰ ਨਹੀਂ ਕਰਦੀ ਅਤੇ ਆਪਣੇ ਸੱਸ ਸੌਹਰੇ ਨੂੰ ਬੋਝ ਸਮਝਦੀ ਹੈ, ਇਸ ਸਮੇਂ ਉਸਦੀ ਮਾਂ ਦਾ ਇਹ ਫਰਜ਼ ਬਣਦਾ ਹੈ ਕੇ ਉਹ ਆਪਣੀ ਧੀ ਨੂੰ ਸਮਜਾਵੇ ਅਤੇ ਉਸਦੇ ਗ਼ਲਤ ਵਿਵਹਾਰ ਉੱਤੇ ਉਸਨੂੰ ਟੋਕੇ ਅਤੇ ਉੱਸਦਾ ਸਹੀ ਮਾਰਗਦਰਸ਼ਨ ਕਰੇ ਤਾਂ ਤੋਂ ਉਹ ਆਪਣੇ ਰਿਸ਼ਤੇ ਅਤੇ ਜਿੰਮੇਵਾਰੀਆਂ ਬਾਖੂਬੀ ਨਿਭਾ ਸਕੇ।
ਇਸੇ ਤਰਾਂ ਇਹ ਗੁਰ ਇਕ ਮਾਂ ਤੋਂ ਇਕ ਧੀ ਲੈਂਦੀ ਹੈ ਅਤੇ ਇਕ ਸੱਸ ਤੋਂ ਇਕ ਨੂੰਹ। ਬਹੁਤ ਸਾਰੇ ਹਾਲਾਤਾਂ ਵਿੱਚ ਇਕ ਸਿਆਣੀ ਔਰਤ ਦੀ ਸੂਝਬੂਝ ਘਰ ਨੂੰ ਬਚਾ ਸਕਦੀ ਹੈ ਅਤੇ ਨਾਸਮਝੀ ਘਰ ਨੂੰ ਤੋੜ ਦੇਂਦੀ ਹੈ। ਪੱਖਪਾਤ ਅਤੇ ਸੌੜੀ ਸੋਚ ਦਾ ਇਹ ਜ਼ਹਿਰ ਪੀੜੀ-ਦਰ ਪੀੜੀ ਚਲਦਾ ਆ ਰਿਹਾ ਹੈ ਜਿਸ ਵਿੱਚ ਜ਼ੁਲਮ ਕਰ ਵੀ ਖੁਦ ਰਹੇ ਹਾਂ ਤੇ ਭੁਗਤ ਵੀ ਖੁਦ ਰਹੇ ਹਾਂ।
(ਚਲਦਾ)