ਫਗਵਾੜਾ 15 ਅਪ੍ਰੈਲ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 3 ਕਟਿਹਰਾ ਚੌਕ ਫਗਵਾੜਾ ਵਿਖੇ ਸਾਬਕਾ ਮੇਅਰ ਅਰੁਣ ਖੋਸਲਾ ਦੇ ਉਪਰਾਲੇ ਸਦਕਾ ਫੂਡ ਸਪਲਾਈ ਵਿਭਾਗ ਵਲੋਂ ਨੀਲੇ ਕਾਰਡ ਧਾਰਕਾਂ ਨੂੰ ਦੋ ਰੁਪਏ ਪ੍ਰਤੀ ਕਿਲੋ ਵਾਲੀ ਸਸਤੀ ਸਰਕਾਰੀ ਕਣਕ ਦੀ ਵੰਡ ਕੀਤੀ ਗਈ। ਇਸ ਮੌਕੇ ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਗਰੀਬ ਲੋੜਵੰਦ ਜਨਤਾ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਦੇਣ ਸਮੇਂ ਖੱਜਲ ਖੁਆਰ ਕਰਦੀ ਹੈ। ਜੋ ਕਣਕ ਕਟਿਹਰਾ ਚੌਕ ‘ਚ ਵੰਡੀ ਗਈ ਹੈ ਉਸਦੀਆਂ ਪਰਚੀਆਂ ਕੱਟਣ ਨੂੰ ਹੀ ਇਕ ਮਹੀਨਾ ਲਗਾ ਦਿੱਤਾ ਗਿਆ। ਕਣਕ ਦੀ ਬੋਰੀ ਵਿਚ 30 ਕਿਲੋਗ੍ਰਾਮ ਦੀ ਜਗ੍ਹਾ 28 ਕਿਲੋ ਕਣਕ ਹੀ ਪੈਕ ਕੀਤੀ ਗਈ ਹੈ। ਹਰ ਬੋਰੀ ਵਿਚ ਕਰੀਬ ਦੋ ਕਿਲੋ ਕਣਕ ਦਾ ਘਪਲਾ ਹੋ ਰਿਹਾ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਦਿਨੀਂ ਕਣਕ ਦੇ ਨਾਲ ਛੋਲੇ ਵੀ ਭੇਜੇ ਸਨ ਜਦਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਖੰਡ ਤੇ ਚਾਹ ਪੱਤੀ ਦਾ ਵਾਅਦਾ ਕਰਨ ਦੇ ਬਾਵਜੂਦ ਕਣਕ ਦੀ ਸਪਲਾਈ ਵੀ ਸਮੇਂ ਸਿਰ ਨਹੀਂ ਕੀਤੀ ਜਾ ਰਹੀ। ਅਰੁਣ ਖੋਸਲਾ ਨੇ ਹੋਰ ਕਿਹਾ ਕਿ ਕੈਪਟਨ ਸਰਕਾਰ ਨੇ ਜਦੋਂ ਦਾ ਬਜੁਰਗਾਂ ਦੀ ਪੈਨਸ਼ਨ ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਹੈ ਉਦੋਂ ਤੋਂ ਬਜੁਰਗਾਂ ਦੇ ਖਾਤੇ ਵਿਚ 750/- ਰੁਪਏ ਪੈਨਸ਼ਨ ਆਉਣੀ ਵੀ ਬੰਦ ਹੋ ਗਈ ਹੈ। ਉਹਨਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋਂ ਵੀ ਸਵਾਲ ਕੀਤਾ ਕਿ ਸ਼ਹਿਰ ਦੇ ਗਰੀਬ ਲੋੜਵੰਦ ਪਰਿਵਾਰਾਂ ਨੂੰ ਲੋਕ ਭਲਾਈ ਸਕੀਮਾ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹਲ ਕਰਵਾਉਣ ਲਈ ਕੀ ਯਤਨ ਕੀਤੇ ਹਨ ਅਤੇ ਇਸ ਗੱਲ ਦਾ ਵੀ ਜਵਾਬ ਮੰਗਿਆ ਕਿ ਨੀਲੇ ਕਾਰਡ ਧਾਰਕਾਂ ਨੂੰ ਘੱਟ ਕਣਕ ਕਿਉਂ ਦਿੱਤੀ ਜਾ ਰਹੀ ਹੈ?