ਕਪੂਰਥਲਾ : ਦੇਰ ਰਾਤ ਕਰੀਬ 10 ਵਜੇ  ਦੇ  ਕਰੀਬ  ਮਿਲੀ ਜਾਣਕਾਰੀ ਦੇ ਅਨੁਸਾਰ  ਕਪੂਰਥਲਾ ਜਲੰਧਰ ਸੜਕ ’ਤੇ ਪਿੰਡ ਧਾਰੀਵਾਲ ਅੱਡੇ ’ਤੇ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇ ਹੋਟਲ ਕਾਰੋਬਾਰੀ ਹਰਜੀਤ ਸਿੰਘ ਵਾਲੀਆ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ , ਹਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਉਹ ਆਪਣੇ ਹੋਟਲ ਤੋਂ ਆਪਣੀ ਇਨੋਵਾ ਗੱਡੀ ਤੇ ਡਰਾਈਵਰ ਦੇ ਨਾਲ ਘਰ ਵਾਪਸ ਆ ਰਹੇ ਸਨ । ਜਦੋਂ ਉਹ ਪਿੰਡ ਦੇ ਮੋੜ ਤੇ ਪੁੱਜੇ ਤਾਂ ਉਥੇ ਮੌਜੂਦ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਉਪਰ ਫਾਇਰ ਕਰ ਦਿੱਤੇ ਤੇ ਜਦੋਂ ਓਹਨਾਂ ਆਪਣੀ ਜਾਨ ਬਚਾਉਣ ਲਈ ਗੱਡੀ ਭਜਾਈ ਤਾਂ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਤੇ ਇੱਟਾਂ ਨਾਲ ਗੱਡੀ ’ਤੇ ਹਮਲਾ ਕਰ ਦਿੱਤਾ ,ਜਿਸ ਕਾਰਨ ਉਹਨਾਂ ਦੀ ਗੱਡੀ ਦਾ ਅਗਲਾ , ਪਿਛਲਾ ਤੇ ਸਾਈਡ ਵਾਲਾ ਸ਼ੀਸ਼ਾ ਟੁੱਟ ਗਿਆ ਪਰ ਉਨ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ ਤੇ ਹੋਰ ਅਹੁਦੇਦਾਰ ਤੇ ਯੂਥ ਆਗੂ ਹਰਜੀਤ ਸਿੰਘ ਵਾਲੀਆ ਦੇ ਗ੍ਰਹਿ ਵਿਖੇ ਪੁੱਜੇ। ਘਟਨਾ ਉਪਰੰਤ ਡੀਐਸਪੀ ਸਬ ਡਵੀਜ਼ਨ ਸੁਰਿੰਦਰ ਸਿੰਘ ,ਥਾਣਾ ਸਦਰ ਮੁੱਖੀ ਇੰਸਪੈਕਟਰ ਗੁਰਦਿਆਲ ਸਿੰਘ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੌਰਵ ਧੀਰ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ’ਤੇ ਮਾਮਲੇ ਦੀ ਜਾਣਕਾਰੀ ਇਕੱਤਰ ਕੀਤੀ।