ਫਗਵਾੜਾ:- (ਸ਼ਿਵ ਕੋੜਾ) 22 ਅਗਸਤ ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜ਼ਿਲ੍ਹਾ ਮੈਜਿਸਟਰੇਟ ਦੀਪਤੀ ਉੱਪਲ ਵਲੋਂ ਅਨਲਾਕ-3 ਤਹਿਤ 31 ਅਗਸਤ ਤੱਕ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਉਨਾਂ ਦੱਸਿਆ ਕਿ ਕਰੋਨਾ ਦੇ ਵੱਧਦੇ ਕੇਸਾਂ ਕਾਰਨ ਕੁਝ ਨਵੀਆਂ ਬੰਦਸ਼ਾਂ ਲਗਾਈਆਂ ਗਈਆਂ ਹਨ ਜਿਸ ਤਹਿਤ ਸ਼ਾਮ 7ਵਜੇਂ ਤੋ ਲੈ ਕੇ ਸਵੇਰੇ 5 ਵਜੇ ਤੱਕ ਨਗਰ ਨਿਗਮਾਂ ਨਗਰ ਕੌਸਲਾਂ ਦੀਆਂ ਹੱਦਾਂ ਅੰਦਰ ਕਰਫਿਊ ਰਹੇਗਾ ਅਤੇ ਗੈਰ ਜ਼ਰੂਰੀ ਆਵਾਜਾਈ ਉੱਪਰ ਰੋਕ ਰਹੇਗੀ।
ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਜਿਵੇਂ ਕਿ ਕੌਮੀ ਅਤੇ ਰਾਜ ਮਾਰਗਾਂ ਉੱਪਰ ਵਸਤਾਂ ਦੀ ਆਵਾਜਾਈ ,ਬੱਸਾਂ,ਰੇਲ ਗੱਡੀਆਂ ਅਤੇ ਜਹਾਜਾਂ ਤੋਂ ਉੱਤਰ ਕੇ ਘਰ ਜਾਣ ਵਾਲਿਆਂ ਨੂੰ ਆਵਾਜਾਈ ਦੀ ਖੁੱਲ ਹੋਵੇਗੀ। ਜ਼ਰੂਰੀ ਸੇਵਾਵਾਂ ਜਿਵੇਂ ਕਿ ਸਿਹਤ ਨਾਲ ਸਬੰਧਿਤ,ਖੇਤੀਬਾੜੀ,ਮੱਛੀ ਪਾਲਣ,ਡੇਅਰੀ ਵਿਕਾਸ, ਬੈਂਕਾਂ ਏ.ਟੀ.ਐਮ, ਸਟਾਕ ਮਾਰਕਿਟ,ਬੀਮਾ ਕੰਪਨੀਆਂ,ਆਨ ਲਾਈਨ ਟੀਚਿੰਗ ,ਜਨਤਕ ਸੇਵਾਵਾਂ ,ਉਸਾਰੀ ਉਦਯੋਗ,ਸਰਕਾਰੀ ਅਤੇ ਨਿੱਜੀ ਅਦਾਰੇ,ਮੀਡੀਆ ਨੂੰ ਜ਼ਰੂਰੀ ਸੇਵਾਵਾਂ ਤਹਿਤ ਕੰਮ ਕਰਨ ਦੀ ਖੁੱਲ ਹੋਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀਆਂ,ਬੋਰਡਾਂ ਆਦਿ ਵਲੋਂ ਲਈਆਂ ਜਾਣ ਵਾਲੀਆਂ ਪ੍ਰੀੱਖਿਆਵਾਂ ਲਈ ਵਿਦਿਆਰਥੀਆਂ ਨੂੰ ਆਉਣ ਜਾਣ ਦੀ ਖੁੱਲ ਹੋਵੇਗੀ।
ਉਨਾਂ ਦੱਸਿਆ ਕਿ ਦੁਕਾਨਾਂ ਅਤੇ ਮਾਲ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6 30 ਵਜੇ ਤੱਕ ਖੁੱਲੇ ਰਹਿਣਗੇ ਜਦਕਿ ਸ਼ਨੀਵਾਰ ਅਤੇ ਐਤਵਾਰ ਬੰਦ ਰਹਿਣਗੇ। ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਅਤੇ ਮਾਲ ,ਧਾਰਮਿਕ ਸੰਸਥਾਨ,ਸਪੋਰਟਸ ਕੰਪਲੈਕਸ,ਰੈਸਟਰਾ ਅਤੇ ਸ਼ਰਾਬ ਦੇ ਠੇਕੇ ਹਫਤੇ ਦੇ ਸਾਰੇ ਦਿਨ ਸ਼ਾਮ 6:30 ਵਜੇ ਤੱਕ ਖੁੱਲੇ ਰਹਿਣਗੇ।
ਉਨਾਂ ਅੱਗੇ ਦੱਸਿਆ ਕਿ 4 ਪਹੀਆ ਵਾਹਨਾਂ ਵਿੱਚ ਡਰਾਇਵਰ ਸਮੇਤ ਤਿੰਨ ਵਿਅਕਤੀਆਂ ਦੇ ਬੈਠਣ ਦੇ ਖੁੱਲ ਹੋਵੇਗੀ,ਜਦਕਿ ਬੱਸਾਂ ਅਤੇ ਹੋਰ ਜਨਤਕ ਆਵਾਜਾਈ 50 ਫੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ। ਉਨਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਹਰ ਤਰ੍ਹਾਂ ਦੀਆਂ ਸਿਆਮੀ,ਸਮਾਜਿਕ,ਧਾਰਮਿਕ ਇਕੱਠਾਂ ਉੱਪਰ ਰੋਕ ਹੋਵੇਗੀ। ਇਸ ਤੋਂ ਇਲਾਵਾ ਧਰਨੇ-ਪ੍ਰਦਰਸ਼ਨਾਂ ਉਪੱਰ ਵੀ ਰੋਕ ਹੋਵੇਗੀ। ਜ਼ਿਲ੍ਹੇ ਵਿਚ ਵਿਆਹ ਲਈ 30 ਅਤੇ ਅੰਤਿਮ ਰਸਮਾਂ ਸਬੰਧੀ 20 ਵਿਅਕਤੀਆਂ ਦੇ ਇਕੱਠ ਦੀ ਖੁੱਲ ਹੋਵੇਗੀ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨਾਂ ਹਦਾਇਤਾਂ ਦੀ ਪਾਲਨਾ ਯਕੀਨੀ ਬਣਾਉਣ ਲਈ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ ਅਤੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਿਰੁੱਧ ਲੜਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ।