ਜਲੰਧਰ, 16 ਦਸੰਬਰ
ਕਮਿਸ਼ਨਰੇਟ ਪੁਲਿਸ ਨੇ ਬੁੱਧਵਾਰ ਨੂੰ ਚੌਕੀਦਾਰ ਦੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੋ ਨਾਬਾਲਗਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਮੁਲਜ਼ਮਾਂ ਪਾਸੋਂ ਮ੍ਰਿਤਕ ਦਾ ਮੋਬਾਇਲ, ਪਰਸ ਅਤੇ ਅਪਰਾਧ ਵਿੱਚ ਵਰਤਿਆ ਹਥਿਆਰ ਜ਼ਬਤ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਅਰਜੁਨ (19) ਅੰਬੇਦਕਰ ਨਗਰ, ਲੱਧੇਵਾਲੀ ਅਤੇ ਦੋ ਹੋਰ ਨਾਬਾਲਗਾਂ ਵਜੋਂ ਹੋਈ ਹੈ। ਪੁਲਿਸ ਨੇ ਜੁਰਮ ਵਿੱਚ ਵਰਤੇ ਗਏ ਇੱਕ ਲੱਕੜ ਦੇ ਦਸਤੇ ਸਮੇਤ ਚੌਕੀਦਾਰ ਦਾ ਮੋਬਾਇਲ ਅਤੇ ਪਰਸ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਉਸ ਦੀਆਂ ਤਸਵੀਰਾਂ ਅਤੇ ਹੋਰ ਦਸਤਾਵੇਜ਼ ਸਨ। ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 8 ਦਸੰਬਰ ਨੂੰ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਸੁਰਾਨੂੱਸੀ ਨੇੜੇ ਮੈਟਲ ਕਾਰਪੋਰੇਸ਼ਨ ਫੈਕਟਰੀ ਵਿੱਚ ਚੌਕੀਦਾਰ ਵਜੋਂ ਕੰਮ ਕਰਦੇ ਪ੍ਰਦੀਪ ਪਾਠਕ (50) ਦੀ ਲਾਸ਼ ਖੂਨ ਨਾਲ ਲੱਥ-ਪੱਥ ਹਾਲਤ ਵਿੱਚ ਪਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਥਾਣਾ 1 ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਵੇਖਿਆ ਕਿ ਚੌਕੀਦਾਰ ਦੇ ਸਿਰ ਉਪਰ ਗੰਭੀਰ ਸੱਟਾਂ ਸਨ ਅਤੇ ਉਸਦੀਆਂ ਲੱਤਾਂ ਕੱਪੜੇ ਨਾਲ ਬੰਨ੍ਹੀਆਂ ਹੋਈਆਂ ਸਨ।ਉਨ੍ਹਾਂ ਕਿਹਾ ਕਿ ਫੈਕਟਰੀ ਦੇ ਮਾਲਕ ਦਿਨੇਸ਼ ਮਹਿੰਦਰੂ ਨੇ ਪੁਲਿਸ ਨੂੰ ਦੱਸਿਆ ਕਿ ਚੌਕੀਦਾਰ ਪ੍ਰਦੀਪ ਪਾਠਕ ਫੈਕਟਰੀ ਦੇ ਕਮਰੇ ਵਿਚ ਰਹਿ ਰਿਹਾ ਸੀ ਅਤੇ ਪਿਛਲੇ 32 ਸਾਲਾਂ ਤੋਂ ਕੰਮ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਫੈਕਟਰੀ ਚਾਲੂ ਹਾਲਤ ਵਿੱਚ ਨਹੀਂ ਸੀ ਅਤੇ ਉਥੇ ਭਾਰੀ ਮਾਤਰਾ ਵਿੱਚ ਲੋਹੇ ਦਾ ਸਕਰੈਪ, ਤਾਂਬਾ ਅਤੇ ਕੰਡਮ ਮਸ਼ੀਨਾਂ ਪਈਆਂ ਸਨ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ) ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੀਆਈਏ ਸਟਾਫ -1 ਦੀ ਇੱਕ ਟੀਮ ਨੂੰ ਕੇਸ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਅਤੇ ਫੈਕਟਰੀ ਦੀ ਪਿਛਲੇ ਪਾਸੇ ਪੈਂਦੇ ਨੈਸ਼ਨਲ ਹਾਈਵੇ ਸਰਵਿਸ ਲੇਨ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣ ਤੋਂ ਇਲਾਵਾ ਮਨੁੱਖੀ ਸਰੋਤ ਅਤੇ ਤਕਨੀਕੀ ਪਹਿਲੂਆਂ ਤੋਂ ਜਾਂਚ ਕਰਦਿਆਂ ਕੇਸ ਵਿੱਚ ਸ਼ਾਮਿਲ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਅਰਜੁਨ ਨੇ ਦੱਸਿਆ ਕਿ ਲੋਹੇ ਦਾ ਸਕਰੈਪ ਚੋਰੀ ਕਰਨ ਲਈ ਉਹ ਆਪਣੇ ਦੋਨਾਬਾਲਗ ਸਾਥੀਆਂ ਨਾਲ ਬੰਦ ਪਈਆਂ ਫੈਕਟਰੀਆਂ ਨੂੰ ਨਿਸ਼ਾਨਾ ਬਣਾਉਂਦਾ ਸਨ ਅਤੇ 8 ਦਸੰਬਰ ਦੀ ਰਾਤ (ਰਾਤ 11 ਵਜੇ ਤੋਂ 12 ਵਜੇ ਦੇ ਵਿਚਕਾਰ) ਨੂੰ ਉਹ ਮੈਟਲ ਕਾਰਪੋਰੇਸ਼ਨ ਦੀ ਫੈਕਟਰੀ ਦੀ ਪਿਛਲੀ ਕੰਧ ਨੂੰ ਪਾੜ ਲਾ ਕੇ ਅੰਦਰ ਦਾਖਲ ਹੋਏ ਤਾਂ ਚੌਕੀਦਾਰ ਪ੍ਰਦੀਪ ਨੇ ਉਨ੍ਹਾਂ ਨੂੰ ਵੇਖਦਿਆਂ ਹੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮੋਬਾਈਲ ਰਾਹੀਂ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਫੈਕਟਰੀ ਵਿਚੋਂ ਇਕ ਕੁਇੰਟਲ ਲੋਹਾ ਚੋਰੀ ਕਰ ਲਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਸਥਾਨਕ ਅਦਾਲਤਾਂ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮੁੱਖ ਮੁਲਜ਼ਮ ਅਰਜੁਨ ਦਾ ਹੋਰ ਅਪਰਾਧਾਂ ਅਤੇ ਸਕਰੈਪ ਡੀਲਰਾਂ ਬਾਰੇ ਪੁੱਛ-ਪੜਤਾਲ ਕਰਨ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਨੂੰ ਉਸ ਨੇ ਲੋਹੇ ਦਾ ਸਕਰੈਪ ਵੇਚਿਆ ਸੀ, ਜਿਨ੍ਹਾਂ ਨੂੰ ਇਸ ਕੇਸ ਵਿੱਚ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।