
ਜਲੰਧਰ,19 ਮਾਰਚ ( )- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਅੱਜ ਦੂਜੇ ਦਿਨ ਵੀ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਨੂੰ ਮਜ਼ਦੁਰਾਂ ਨਾਲ ਕੀਤੇ ਗਏ ਵਾਅਦੇ ਯਾਦ ਕਰਵਾਉਣ ਲਈ ਮੰਗ ਪੱਤਰ ਭੇਜਿਆ ਗਿਆ।ਅੱਜ ੲੇਥੇ ਜਗਜੀਤ ਸਿੰਘ ਉੱਪ ਰਜਿਸਟਰਾਰ, ਸਹਿਕਾਰੀ ਸਭਾਵਾਂ ਜਲੰਧਰ ਵਲੋਂ ਯੂਨੀਅਨ ਦੇ ਵਫ਼ਦ ਨਾਲ ਗੱਲਬਾਤ ਕਰਕੇ ਬਿਨ੍ਹਾਂ ਸ਼ਰਤ ਬੇਜ਼ਮੀਨੇ ਮਜ਼ਦੂਰਾਂ ਦੇ ਕੌ-ਅਪਰੇਟਿਵ ਸੁਸਾਇਟੀਆਂ ਵਿੱਚ ਦੇ ਪੁਆਉਣ ਦਾ ਭਰੋਸਾ ਦੇਣਾ ਪਿਆ।ਰਜਿਸਟਰਾਰ ਦਫ਼ਤਰ ਅੱਗੇ ਇਕੱਠੇ ਹੋਣ ਉਪਰੰਤ ਮੁਜ਼ਾਹਰਾ ਕਰਦੇ ਹੋਏ ਪੇਂਡੂ ਮਜ਼ਦੂਰ ਡੀਸੀ ਦਫ਼ਤਰ ਸਾਹਮਣੇ ਕੰਟਰੋਲਰ ਖ਼ੁਰਾਕ ਸਿਵਲ ਸਪਲਾਈ ਅਤੇੇ ਖਪਤਕਾਰ ਮਾਮਲੇ ਵਿਭਾਗ ਦੇ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਜਿੱਥੇ ਵਧੀਕ ਕੰਟਰੋਲਰ ਸੁਰਿੰਦਰ ਕੁਮਾਰ ਬੇਰੀ ਵਲੋਂ ਭਰੋਸਾ ਦਿੱਤਾ ਗਿਆ ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣਗੇ, ਜਿਹਨਾਂ ਕਾਰਡਾਂ ਵਿੱਚ ਕਾਰਡ ਹੋਲਡਰ ਦੇ ਕਿਸੇ ਪਰਿਵਾਰਿਕ ਮੈਂਬਰਾਂ ਦੇ ਨਾਂ ਸ਼ਾਮਲ ਨਹੀਂ, ਉਹ ਨਾਮ ਸ਼ਾਮਲ ਕਰਵਾ ਦਿੱਤੇ ਜਾਣ, ਲੋਹੀਆਂ ਖਾਸ ਨੇੜਲੇ ਪਿੰਡਾਂ ਦੇ ਕਾਰਡ ਹੋਲਡਰਾਂ ਵਲੋਂ ਜਿਸ ਫ਼ੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਖਿਲਾਫ਼ ਰਾਸ਼ਨ ਘਪਲੇ ਸੰਬੰਧੀ ਦਰਖਾਸਤ ਦਿੱਤੀ ਗਈ ਹੈ।ਉਸ ਸੰਬੰਧੀ ਪੜਤਾਲ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਰਾਜ ਕਾਲ ਦੇ ਆਖਰੀ ਸਾਲ ਦੇ ਬਜਟ ਵਿੱਚ ਸਮੁੱਚੇ ਕਰਜ਼ੇ ਮੁਆਫ਼ ਕਰਨ,ਸਿਰ ਢੱਕਣ ਲਈ 5-5 ਮਰਲੇ ਦੇ ਪਲਾਟ ਦੇਣ, ਦਲਿਤਾਂ ਨੂੰ ਰਾਖਵੇਂ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਅਮਲ ਵਿੱਚ ਦੇਣ,ਸਮਾਜਿਕ ਸੁਰੱਖਿਆ ਲਈ ਨਿਗੁਣੀ ਬੁਢਾਪਾ,ਵਿਧਵਾ, ਅੰਗਹੀਣ ਪੈਨਸ਼ਨ ਦੇਣ ਨੂੰ ਬਜਟ ਵਿੱਚ ਅਣਗੋਲਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 3 ਲੱਖ 60 ਹਜ਼ਾਰ ਮਜ਼ਦੂਰਾਂ ਸਿਰ ਸਹਿਕਾਰੀ ਕਰਜ਼ਾ 696 ਕਰੋੜ ਤੋਂ ਵੱਧ ਬਣਦਾ ਹੈ, ਸਮੁੱਚੇ ਕਰਜ਼ੇ ਨੂੰ ਮੁਆਫ਼ ਕਰਨ ਦੀ ਥਾਂ ਬਜਟ ਵਿੱਚ ਸਿਰਫ਼ 520 ਕਰੋੜ ਰੂਪਏ ਹੀ ਰੱਖਿਆ ਗਿਆ,ਜੋ ਸਾਬਿਤ ਕਰਦਾ ਹੈ ਕਿ ਕੈਪਟਨ ਸਰਕਾਰ ਵੀ ਕੀਤੇ ਵਾਅਦਿਆਂ ਪ੍ਰਤੀ ਗੰਭੀਰ ਨਹੀਂ ਹੈ।ਮੋਦੀ ਹਕੂਮਤ ਵਾਂਗ ਹੀ ਕੈਪਟਨ ਸਰਕਾਰ ਵੀ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ,ਵੱਡੇ ਜਗੀਰਦਾਰਾਂ ਦੇ ਹਿੱਤ ਪੂਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਜ਼ਮੀਨੇ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਦੀ ਥਾਂ ਪੰਚਾੲਿਤੀ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ।ਇੱਕ ਪਾਸੇ ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਮਜ਼ਦੂਰ ਅੰਦੋਲਨ ਕਰ ਰਹੇ ਹਨ ਤੇ ਦੂਜੇ ਪਾਸੇ ਮਜ਼ਦੂਰਾਂ ਦੇ ਘਰਾਂ ਵਿੱਚ ਹਨੇਰਾ ਕਰਨ ਲਈ ਚੁੱਪ ਚਪੀਤੇ ਬਿਜਲੀ ਐਕਟ 2020 ਤਹਿਤ ਚਿੱਪਾਂ ਵਾਲੇ ਬਿਜਲੀ ਮੀਟਰ ਲਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਜਿਸ ਦਾ ਡੱਟ ਕੇ ਵਿਰੋਧ ਕਰਨਾ ਹੋਵੇਗਾ।ਉਨ੍ਹਾਂ ਕਾਲੇ ਕਾਨੂੰਨਾਂ ਖਿਲਾਫ਼ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।ਉਨ੍ਹਾਂ ਅੱਗੇ ਕਿਹਾ ਕਿ ਕਰਫ਼ਿਊ,ਲਾਕਡਾਊਨ ਸਮੇਂ ਮਿਲਣ ਵਾਲੇ ਰਾਸ਼ਨ ਵਿੱਚ ਫ਼ੂਡ ਸਪਲਾਈ ਵਿਭਾਗ ਵਿੱਚ ਬੈਠੀਆਂ ਕਾਲੀਆਂ ਭੇਡਾਂ ਨੇ ਹਾਕਮ ਧਿਰ ਦੇ ਕੁੱਝ ਲੋਕਾਂ ਨਾਲ ਮਿਲ ਕੇ ਘਪਲੇਬਾਜ਼ੀ ਕੀਤੀ ਹੈ। ਰਾਸ਼ਨ ਲੋੜਵੰਦ ਲੋਕਾਂ ਤੱਕ ਨਹੀਂ ਪੁੱਜਾ।ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਚੰਨਣ ਸਿੰਘ ਬੁੱਟਰ, ਦਰਸ਼ਨਪਾਲ ਬੁੰਡਾਲਾ, ਗੁਰਬਖਸ਼ ਕੌਰ ਸਾਦਿਕਪੁਰ,ਗੁਰਚਰਨ ਸਿੰਘ ਅਟਵਾਲ ਅਤੇ ਸੋਨੂੰ ਅਰੋੜਾ ਆਦਿ ਨੇ ਵੀ ਸੰਬੋਧਨ ਕੀਤਾ।