ਫਗਵਾੜਾ 12 ਮਈ (ਸ਼਼ਿਵ ਕੋੋੜਾ) ਅੰਬੇਡਕਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਅਗਾਹ ਕੀਤਾ ਹੈ ਕਿ ਅਖ਼ਬਾਰਾਂ ਵਿਚ ਗੈਰ ਜਰੂਰੀ ਇਸ਼ਤਿਹਾਰ ਦੇਣ ਦੀ ਬਜਾਏ ਕੋਵਿਡ-19 ਕੋਰੋਨਾ ਮਹਾਮਾਰੀ ਦੇ ਇਸ ਮੁਸ਼ਕਿਲ ਸਮੇਂ ‘ਚ ਲੋੜਵੰਦਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਰਕਾਰੀ ਖਜਾਨੇ ਦੀ ਵਰਤੋਂ ਕੀਤੀ ਜਾਵੇ। ਇਸ ਤੋਂ ਇਲਾਵਾ ਉਹਨਾਂ ਕੈਪਟਨ ਸਰਕਾਰ ਤੋਂ ਬਿਜਲੀ ਦੇ ਬਿਲ ਅਤੇ ਕਰਜੇ ਦੀਆਂ ਕਿਸ਼ਤਾਂ ਮਾਫ ਕਰਨ ਦੀ ਮੰਗ ਵੀ ਕੀਤੀ। ਸੁਰਿੰਦਰ ਢੰਡਾ ਨੇ ਕਿਹਾ ਕਿ ਕੋਵਿਡ-19 ਕੋਰੋਨਾ ਮਹਾਮਾਰੀ ਵਿਚ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਦੀ ਪਹਿਲੀ ਜਿੰਮੇਵਾਰੀ ਆਮ ਜਨਤਾ ਨੂੰ ਜਰੂਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਲਾਕਡਾਉਨ ਦਾ ਸਾਹਮਣਾ ਕਰ ਰਹੇ ਆਮ ਲੋਕਾਂ ਨੂੰ ਸੰਭਵ ਆਰਥਕ ਸਹਾਇਤਾ ਦੇਣਾ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਫਗਵਾੜਾ ਸਮੇਤ ਹੋਰ ਮਹਿਕਮਿਆਂ ਦੇ ਕੱਚੇ ਮੁਲਾਜਮ ਜੋਂ ਇਸ ਮਹਾਮਾਰੀ ਵਿਚ ਫਰੰਟ ਲਾਈਨ ਵਰਕਰਾਂ ਵਜੋਂ ਕੰਮ ਕਰ ਰਹੇ ਹਨ ਉਹਨਾਂ ਨੂੰ ਵੀ ਤੁਰੰਤ ਪੱਕਾ ਕੀਤਾ ਜਾਵੇ। ਇਸ ਮੌਕੇ ਉਹਨਾਂ ਆਮ ਜਨਤਾ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਪਹਿਲ ਦੇ ਅਧਾਰ ਤੇ ਵੈਕਸੀਨ ਲਗਵਾਉਣ ਅਤੇ ਇਸ ਮਹਾਮਾਰੀ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।