ਜਲੰਧਰ : ਪੂਰੀ ਦੁਨੀਆਂ ਅੰਦਰ ਦਹਿਸ਼ਤ ਫੈਲਾਉਣ ਵਾਲੇ ਕਰੋਨਾ ਵਾਇਰਸ ਦੀ ਲਾਗ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਦੁਬਈ ਦੇ ਨਾਮਵਰ ਕਾਰੋਬਾਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਸਮਾਜ ਸੇਵਕ ਡਾ.ਐੱਸ.ਪੀ. ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੂਬੇ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਵੱਖ-ਵੱਖ ਜਨਤਕ ਥਾਵਾਂ ਤੇ ਲੋਕਾਂ ਦੇ ਹੱਥ ਧੁਵਾਉਣ ਲਈ ਪਾਣੀ ਦੇ ਟੈਂਕਰ ਖੜ੍ਹੇ ਕਰਨ ਤੋਂ ਇਲਾਵਾ ਸਾਬਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ: ਓਬਰਾਏ ਨੇ ਦੱਸਿਆ ਕਿ ਕਰੋਨਾ ਕਾਰਨ ਲੋਕਾਂ ‘ਚ ਫੈਲੀ ਆਪੋ-ਧਾਪੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਟਰੱਸਟ ਨੇ ਇਹ ਫੈਸਲਾ ਲਿਆ ਹੈ ਕਿ ਪੰਜਾਬ ਦੇ ਹਰੇਕ ਜ਼ਿਲ੍ਹਾ ਸਦਰ ਮੁਕਾਮ ਤੇ ਉਥੋਂ ਦੀਆਂ ਚਾਰ ਪ੍ਰਮੁੱਖ ਜਨਤਕ ਥਾਵਾਂ ਜਿਵੇਂ ਰੇਲਵੇ ਸਟੇਸ਼ਨ,ਬੱਸ ਅੱਡੇ, ਵੱਡੇ ਹਸਪਤਾਲ, ਜ਼ਿਲ੍ਹਾ ਕਚਹਿਰੀਆਂ ਆਦਿ ਵਰਗੀਆਂ ਥਾਵਾਂ ਦੀ ਸ਼ਨਾਖਤ ਕਰਕੇ ਉੱਥੇ ਟੂਟੀਆਂ ਲੱਗੇ ਵੱਡੇ ਪਾਣੀ ਦੇ ਟੈਂਕਰਾਂ ਦੀ ਵਿਵਸਥਾ ਕਰਨ ਤੋਂ ਇਲਾਵਾ ਸਾਬਣ ਵੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਆਮ ਲੋਕ ਵੀ ਇਸ ਖਤਰਨਾਕ ਰੋਗ ਦੀ ਲਾਗ ਤੋਂ ਬਚ ਸਕਣ । ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾ ਕੇ ਕੁੱਝ ਕਾਰੋਬਾਰੀਆਂ ਵੱਲੋਂ ਸੈਨੀਟਾਈਜ਼ਰ ਤੇ ਹੋਰ ਲੋੜੀਂਦੇ ਸਮਾਨ ਨੂੰ ਮਹਿੰਗਾ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਗਿਆ ਹੈ, ਜਿਸ ਨੂੰ ਵੇਖਦਿਆਂ ਹੋਇਆਂ ਟਰੱਸਟ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਟਰੱਸਟ ਵੱਲੋਂ ਕੱਲ੍ਹ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ,ਰੇਲਵੇ ਸਟੇਸ਼ਨ ਤੇ ਬੱਸ ਅੱਡਾ,ਰਾਜਿੰਦਰਾ ਹਸਪਤਾਲ ਤੇ ਮਿੰਨੀ ਮਿੰਨੀ ਸਕੱਤਰੇਤ ਦੇ ਬਾਹਰਵਾਰ ਅਤੇ ਇਸ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਅੰਦਰ ਵੀ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਦ ਕਿ ਬਹੁਤ ਹੀ ਜਲਦ ਬਾਕੀ ਜ਼ਿਲ੍ਹਿਆਂ ਅੰਦਰ ਵੀ ਇਹ ਸੇਵਾ ਆਰੰਭ ਹੋ ਜਾਵੇਗੀ ।