22 ਅਕਤੂਬਰ, ਜਲੰਧਰ (ਰਾਜਪਾਲ ਕੌਰ ) ਅੱਜ ਦੇ ਭੱਜਦੌੜ ਦੇ ਸਮੇਂ ਤਣਾਅ ਵੱਧ ਰਹੇ ਹਨ ਅਤੇ ਮਨ ਦੀ ਸ਼ਾਂਤੀ ਨਾ ਮਿਲਣ ਤੇ ਡਿਪ੍ਰੈਸ਼ਨ ਵਰਗੇ ਕਈ ਤਰ੍ਹਾਂ ਦੇ ਰੋਗ ਸਾਨੂੰ ਆ ਘੇਰਦੇ ਹਨ। ਨਾਮਧਾਰੀ ਮੁਖੀ  ਠਾਕੁਰ ਦਲੀਪ ਸਿੰਘ ਜੀ ਨੇ ਸਾਲਾਨਾ ਜੱਪ-ਪ੍ਰਯੋਗ ਦੇ ਦੌਰਾਨ ਸਭ ਨੂੰ ਆਪਣੇ ਜੀਵਨ ਨੂੰ ਸੁਖੀ ਕਰਨ ਅਤੇ ਪਰਿਵਾਰ ਵਿਚੋਂ ਕਲੇਸ਼ ਨੂੰ ਮਿਟਾਉਣ ਦੇ ਨੁਕਤੇ ਦੱਸੇ। ਉਹਨਾਂ ਆਖਿਆ ਕਿ ਸਭ ਤੋਂ ਪਹਿਲੇ ਸਾਨੂੰ ਸਤਿਗੁਰੂ ਦੇ ਚਰਨੀਂ ਲੱਗਣ ਦੀ ਲੋੜ ਹੈ ਕਿਉਂਕਿ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ, ਫਿਰ ਗੁਰੂ ਜੀ ਦੇ ਬਚਨ ਮੰਨ ਕੇ, ਪ੍ਰਭੂ ਦਾ ਨਾਮ ਜਪਣ ਨਾਲ ਸਾਡਾ ਜੀਵਨ ਸੁਖੀ ਹੋ ਸਕਦਾ ਹੈ।ਗੁਰਬਾਣੀ ਅਨੁਸਾਰ , “ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ “ਪਰਿਵਾਰਿਕ ਕਲੇਸ਼ ਸਾਡੇ ਜੀਵਨ ਵਿੱਚ, ਇੱਕ ਰੋਗ ਦੀ ਤਰ੍ਹਾਂ ਹਨ । ਇਸ ਰੋਗ ਦਾ ਸਭ ਤੋਂ ਵੱਡਾ ਕਾਰਨ ਹੈ ;ਫਿੱਕਾ ਜਾਂ ਕੌੜਾ ਬੋਲਣਾ। ਆਪ ਜੀ ਨੇ ਕਿਹਾ ਕਿ ਆਪਣੇ ਘਰ ਵਿਚੋਂ ਕਲੇਸ਼ ਨੂੰ ਖਤਮ ਕਰਨ ਲਈ ਸਾਨੂੰ ਮਿੱਠਾ ਬੋਲਣ ਦਾ ਅਭਿਆਸ ਕਰਨ ਦੀ ਵੀ ਲੋੜ ਹੈ।ਕਿਉਂਕਿ ਗੁਰਬਾਣੀ ਵਿੱਚ ਮਿੱਠਾ ਬੋਲ ਕੇ ਆਪਣੇ ਆਪ ਨੂੰ ਸੁਖੀ ਰੱਖਣ ਦੇ ਨਾਲ, ਪ੍ਰਭੂ – ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਬਾਰੇ ਵੀ ਲਿਖਿਆ ਹੈ ਜਿਵੇਂ ;”ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ” ਜੇਕਰ ਘਰ ਵਿੱਚ ਕਿਸੇ ਨੂੰ ਕ੍ਰੋਧ ਆ ਜਾਵੇ ਤਾਂ ਦੂਜਾ ਬੰਦਾ ਚੁੱਪ ਕਰ ਜਾਏ, ਪ੍ਰਤਿਉੱਤਰ ਨਾਂ ਦੇਵੇ ਤਾਂ ਵੀ ਗੱਲ ਜਿਆਦਾ ਨਹੀਂ ਵਧਦੀ ਜਾਂ ਇੱਕ ਦੂਜੇ ਦੀ ਗੱਲ ਮੰਨ ਲਈ ਜਾਵੇ, ਇੱਕ ਦੂਜੇ ਦੀ ਪਸੰਦ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹਲ ਹੋ ਸਕਦਾ ਹੈ ਅਤੇ ਜੀਵਨ ਸੁਖੀ ਹੋ ਸਕਦਾ ਹੈ । ਆਪ ਜੀ ਨੇ ਸਮਝਾਉਂਦੇ ਹੋਏ ਦੱਸਿਆ ਕਿ ਜਦੋਂ ਲੱਕੜਾਂ ਦੀ ਅੱਗ ਬਲ ਰਹੀ ਹੋਵੇ ਤਾਂ ਉਸਨੂੰ ਜਦੋਂ ਤੱਕ ਹਵਾ ਨਾ ਦਿਉ, ਨਹੀਂ ਵੱਧਦੀ ਅਤੇ ਅਖੀਰ ਬੁੱਝ ਜਾਂਦੀ ਹੈ। ਇਸ ਲਈ ਸਾਨੂੰ ਵਿਚਾਰਵਾਨ ਬਣ ਕੇ ਧੀਰਜ ਅਤੇ ਸਿਆਣਪ ਦਾ ਸਬੂਤ ਦਿੰਦੇ ਹੋਏ, ਆਤਮਵਿਸ਼ਲੇਸ਼ਨ ਕਰ ਕੇ ਆਪਣੀਆਂ ਆਦਤਾਂ ਵਿੱਚ ਥੋੜਾ ਪਰਿਵਰਤਨ ਕਰਨ ਦੀ ਲੋੜ ਹੈ। ਇਸ ਲਈ ਸਭ ਤੋਂ ਪਹਿਲੇ ਜਰੂਰੀ ਹੈ ਕਿ “ਇੱਕ-ਦੂਜੇ ਨਾਲ ਮਿੱਠਾ ਬੋਲਣਾ, ਖਿਮਾ ਕਰਨਾ ਅਤੇ ਨਿਮਰਤਾ ਜਿਹੇ ਗੁਣ ਧਾਰਨ ਕਰ”, ਆਪਣੇ ਜੀਵਨ ਵਿਚੋਂ ਕਲੇਸ਼ਾਂ ਨੂੰ ਦੂਰ ਕਰਕੇ ਆਪਣਾ ਜੀਵਨ ਸੁਖੀ ਕਰ ਸਕਦੇ ਹਾਂ। ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਨਾਲ ਲੱਗ ਕੇ ਆਪਣੇ ਗੁਰੂ ਦੇ ਬਚਨ ਮੰਨਣ ਅਤੇ ਆਪਣੇ ਪ੍ਰਭੂ ਦਾ ਰੂਪ ਬਣਨ ਦੀ ਲੋੜ ਹੈ ਕਿਉਂਕਿ ਸਾਡੇ ਪ੍ਰਭੂ ਰੂਪ ਸਤਿਗੁਰੂ ਵਿੱਚ ਤਾਂ ਗੁਰਬਾਣੀ ਅਨੁਸਾਰ ਅਜਿਹੇ ਗੁਣ ਹਨ ਜਿਵੇਂ; “ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ” ਅਤੇ “ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ”