ਫਗਵਾੜਾ 23 ਮਈ (ਸ਼਼ਿਵ ਕੋੋੜਾ) ਪੰਜਾਬ ਸਮੇਤ ਦੇਸ਼ ਦੇ ਅਨੇਕਾਂ ਸੂਬਿਆਂ ‘ਚ ਕੋਵਿਡ-19 ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੇ ਕਹਿਰ ਲਈ ਕਾਂਗਰਸ ਪਾਰਟੀ ਦੇ ਗੈਰ ਜਿੰਮੇਦਾਰੀ ਭਰੇ ਵਤੀਰੇ ਨੂੰ ਮੁੱਖ ਵਜ੍ਹਾ ਦੱਸਦੇ ਹੋਏ ਸੀਨੀਅਰ ਭਾਜਪਾ ਆਗੂ ਅਤੇ ਨਗਰ ਨਿਗਮ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕੋਰੋਨਾ ਨੂੰ ਮੁੱਦਾ ਬਣਾ ਕੇ ਨਿੰਦਣਯੋਗ ਸਿਆਸੀ ਖੇਡ ਖੇਡੀ ਗਈ। ਪਹਿਲਾਂ ਦੇਸ਼ ਵਿਚ ਪੂਰਣ ਲਾਕਡਾਉਨ ਅਤੇ ਫਿਰ ਭਾਰਤ ਵਲੋਂ ਤਿਆਰ ਕੋਰੋਨਾ ਵੈਕਸੀਨ ਦੀ ਨੁਕਤਾਚੀਨੀ ਕਰਕੇ ਜਨਤਾ ਨੂੰ ਗੁਮਰਾਹ ਕੀਤਾ ਗਿਆ। ਜਨਤਾ ਵਲੋਂ ਨੱਕਾਰੇ ਜਾਣ ਤੋਂ ਬਾਅਦ ਆਪਣੀ ਗਲਤੀਆਂ ਸੁਧਾਰਣ ਦੀ ਬਜਾਏ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਜਦਕਿ ਮੋਦੀ ਇਸ ਅੰਤਰਰਾਸ਼ਟਰੀ ਸੰਕਟ ‘ਚ ਦੁਨੀਆ ਲਈ ਮਸੀਹਾ ਬਣਕੇ ਸਾਹਮਣੇ ਆਏ ਹਨ। ਪੂਰੀ ਦੁਨੀਆ ਮੋਦੀ ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕਰ ਰਹੀ ਹੈ। ਕਾਂਗਰਸ ਦਾ ਫਰਜ਼ ਸੀ ਕਿ ਸਿਆਸਤ ਤੋਂ ਉੱਪਰ ਉਠ ਕੇ ਕੇਂਦਰ ਸਰਕਾਰ ਦਾ ਸਹਿਯੋਗ ਕਰਦੀ ਤਾਂ ਜੋ ਦੇਸ਼ ਨੂੰ ਕੋਰੋਨਾ ਦੀ ਦੂਸਰੀ ਭਿਆਨਕ ਲਹਿਰ ਦਾ ਸਾਹਮਣਾ ਨਾ ਕਰਨਾ ਪੈਂਦਾ। ਹੁਣ ਵੀ ਕੋਵਿਡ ਨੂੰ ਭਾਰਤੀ ਜਾਂ ਮੋਦੀ ਬ੍ਰਾਂਡ ਦੱਸ ਕੇ ਦੇਸ਼ ਦੀ ਸਾਖ ਨੂੰ ਖਰਾਬ ਕਰਨ ਦੀ ਕੋਝੀ ਕੋਸ਼ਿਸ਼ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਵਲੋਂ ਵਿਦੇਸ਼ੀ ਮੀਡੀਆ ਰਾਹੀਂ ਕੀਤੀ ਜਾ ਰਹੀ ਹੈ ਜੋ ਨਿੰਦਣਯੋਗ ਹੈ। ਇਸ ਦੌਰਾਨ ਉਹਨਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੋਵਿਡ ਦੀ ਦੂਸਰੀ ਲਹਿਰ ਨੂੰ ਕਾਬੂ ਕਰਨ ਲਈ ਕੀਤੇ ਜਾ ਰਹੇ ਯਤਨਾ ਨੂੰ ਅੱਧੇ ਅਧੂਰੇ ਦੱਸਿਆ ਅਤੇ ਕਿਹਾ ਕਿ ਬੇਸ਼ਕ ਕੋਰੋਨਾ ਕੰਟ੍ਰੋਲ ਰੂਮ ਸਥਾਪਤ ਕੀਤੇ ਗਏ ਹਨ ਪਰ ਮਾਮੂਲੀ ਖਾਂਸੀ, ਬੁਖਾਰ ਦੇ ਲੱਛਣਾਂ ਵਾਲੇ ਮਰੀਜਾਂ ਨੂੰ ਵੀ ਪਹਿਲਾਂ ਸਿਵਲ ਹਸਪਤਾਲਾਂ ‘ਚ ਜਾ ਕੇ ਕੋਰੋਨਾ ਟੈਸਟ ਕਰਨ ਲਈ ਕਿਹਾ ਜਾ ਰਿਹਾ ਹੈ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਗੱਲ ਹੈ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਸਰਕਾਰੀ ਸਿਹਤ ਕੇਂਦਰਾਂ ‘ਚ ਜਿਸ ਤਰ੍ਹਾਂ ਦੇ ਪ੍ਰਬੰਧ ਹਨ ਉਸ ਨਾਲ ਆਮ ਬੁਖਾਰ ਪੀੜ੍ਹਤ ਵਿਅਕਤੀ ਵੀ ਕੋਰੋਨਾ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਜੇਕਰ ਕੋਈ ਕੋਰੋਨਾ ਤੋਂ ਪੀੜ੍ਹਤ ਹੈ ਤਾਂ ਉਹ ਵਿਅਕਤੀ ਟੈਸਟ ਲਈ ਸਿਵਲ ਹਸਪਤਾਲ ਵਰਗੀ ਜਨਤਕ ਥਾਂ ਤੇ ਜਾ ਕੇ ਕਈ ਹੋਰ ਲੋਕਾਂ ਨੂੰ ਇਸ ਬਿਮਾਰੀ ਨਾਲ ਪੀੜ੍ਹਤ ਕਰ ਸਕਦਾ ਹੈ। ਇਸ ਲਈ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਘਰੋਂ-ਘਰੀਂ ਕੋਰੋਨਾ ਦੇ ਟੈਸਟਾਂ ਦਾ ਪ੍ਰਬੰਧ ਕੀਤਾ ਜਾਵੇ। ਜੇਕਰ ਅਜਿਹਾ ਹੋਵੇਗਾ ਤਾਂ ਮਾਮੂਲੀ ਲੱਛਣਾਂ ਵਾਲਾ ਵਿਅਕਤੀ ਵੀ ਸਰਕਾਰ ਵਲੋਂ ਸਥਾਪਤ ਕੰਟ੍ਰੋਲ ਰੂਮ ਤੇ ਟੈਸਟ ਲਈ ਸੰਪਰਕ ਕਰੇਗਾ ਅਤੇ ਜਲਦੀ ਹੀ ਜਿਲ੍ਹਾ ਕਪੂਰਥਲਾ ਸਮੇਤ ਪੂਰੇ ਪੰਜਾਬ ਵਿਚ ਹਰ ਮਰੀਜਾ ਦੀ ਸ਼ਨਾਖਤ ਕਰਕੇ ਸਮੇਂ ਸਿਰ ਇਲਾਜ ਕਰਕੇ ਸੂਬੇ ਨੂੰ ਕੋਰੋਨਾ ਮੁਕਤ ਬਨਾਉਣ ‘ਚ ਸਹਾਇਤਾ ਮਿਲੇਗੀ।