ਫਗਵਾੜਾ 12 ਫਰਵਰੀ (ਸ਼਼ਿਵ ਕੋੜਾ) ਪੰਜਾਬ ਸਮੇਤ ਪੂਰੇ ਦੇਸ਼ ਵਿਚ ਲਗਾਤਾਰ ਵੱਧ ਰਹੀਆਂ ਪੈਟਰੋਲ ਡੀਜਲ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ ਵਿਚ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਭੁਲੱਥ ਵਿਖੇ ਕਾਂਗਰਸ ਪਾਰਟੀ ਵਲੋਂ ਜਿਲ੍ਹਾ ਯੂਥ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਰੋਸ ਮੁਜਾਹਰਾ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦੇ ਨਾਮ ਇਕ ਮੰਗ ਪੱਤਰ ਤਹਿਸੀਲਦਾਰ ਲਵਪ੍ਰੀਤ ਸਿੰਘ ਦੀ ਹਾਜਰੀ ਵਿਚ ਭੁਲੱਥ ਦੇ ਐਸ.ਡੀ.ਐਮ. ਬਲਬੀਰ ਰਾਜ ਸਿੰਘ ਨੂੰ ਦਿੱਤਾ ਗਿਆ। ਰੋਸ ਮੁਜਾਹਰੇ ਦੌਰਾਨ ਸੰਬੋਧਨ ਕਰਦਿਆਂ ਜਿਲ੍ਹਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਪੈਟ੍ਰੋਲ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ। ਸਾਲ 2013 ਵਿਚ ਜਦੋਂ ਦੇਸ਼ ਵਿਚ ਸ੍ਰ. ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਅੰਤਰਰਾਸ਼ਟਰੀ ਬਜਾਰ ਵਿਚ ਕੱਚੇ ਤੇਲ ਦਾ ਭਾਅ 110 ਡਾਲਰ ਪ੍ਰਤੀ ਬੈਰਲ ਹੋਣ ਦੇ ਬਾਵਜੂਦ ਦੇਸ਼ ਵਿਚ ਪੈਟਰੋਲ ਦੀ ਕੀਮਤ 71 ਰੁਪਏ ਪ੍ਰਤੀ ਲੀਟਰ ਤੋਂ ਜਿਆਦਾ ਨਹੀਂ ਸੀ ਜਦਕਿ ਅੱਜ ਅੰਤਰ ਰਾਸ਼ਟਰੀ ਬਜਾਰ ਵਿਚ ਕੱਚੇ ਤੇਲ ਦੀ ਕੀਮਤ 67 ਡਾਲਰ ਪਰ ਬੈਰਲ ਦੇ ਬਾਵਜੂਦ ਦੇਸ਼ ਵਿਚ ਪੈਟਰੋਲ 90 ਰੁਪਏ ਪ੍ਰਤੀ ਲੀਟਰ ਵੇਚਿਆ ਜਾ ਰਿਹਾ ਹੈ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਹਰਬਾਨੀ ਨਾਲ ਤੇਲ ਕੰਪਨੀਆਂ ਦੀ ਗਰੀਬ ਜਨਤਾ ਨਾਲ ਖੁੱਲ੍ਹੀ ਲੁੱਟ ਹੈ। ਉਹਨਾਂ ਕਿਹਾ ਕਿ ਮਹਿੰਗਾਈ ਨੂੰ ਮੁੱਦਾ ਬਣਾ ਕੇ ਕੇਂਦਰ ਦੀ ਸੱਤਾ ਵਿਚ ਆਉਣ ਵਾਲੀ ਮੋਦੀ ਸਰਕਾਰ ਨੇ ਮਹਿੰਗਾਈ ਦੇ ਨਵੇਂ ਰਿਕਾਰਡ ਖੜੇ ਕੀਤੇ ਹਨ ਜਿਸ ਨੂੰ ਲੈ ਕੇ ਜਨਤਾ ਵਿਚ ਭਾਰੀ ਗੁੱਸਾ ਹੈ। ਉਹਨਾਂ ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਮੋਦੀ ਸਰਕਾਰ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਪੈਟਰੋਲ ਪਦਾਰਥਾਂ ਦੀਆਂ ਵੱਧੀਆਂ ਕੀਮਤਾਂ ਨੂੰ ਕੰਟਰੋਲ ਵਿਚ ਲੈਣ ਲਈ ਜਰੂਰੀ ਕਦਮ ਚੁੱਕੇ ਜਾਣ। ਇਸ ਮੌਕੇ ਅਭੀ ਨਡਾਲਾ, ਪੁਸ਼ਕਰ ਭਾਟੀਆ, ਸੂਰਜ ਪ੍ਰਕਾਸ਼, ਰਵੀ, ਸੇਵਾ ਸਿੰਘ, ਲਖਵਿੰਦਰ ਸਿੰਘ, ਮਨਦੀਪ ਸਿੰਘ ਭੁੱਲਰ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ।