ਜਲੰਧਰ (13-10-2021). ਸੂਬੇ ਦੇ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲਣ ਦੇ ਲਈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਕਾਇਆਕਲਪ’ ਮੁਕਾਬਲਿਆਂ ਵਿੱਚ ਮਿੰਨੀ ਪੀ.ਐਚ.ਸੀ. ਰਾਏਪੁਰ-ਰਸੂਲਪੁਰ ਬਲਾਕ ਆਦਮਪੁਰ ਨੂੰ ਲਗਾਤਾਰ ਚੌਥੀ ਵਾਰ ਜਿਲ੍ਹੇ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਦੋ-ਪੜਾਅ ਦੇ ਮੁਕਾਬਲੇ ਵਿੱਚ 2019-20 ਦੇ ਲਈ ਪੀ.ਐਚ.ਸੀ. ਰਾਏਪੁਰ-ਰਸੂਲਪੁਰ ਨੂੰ 84.70 ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਪੀ.ਐਚ.ਸੀ. ਰੰਧਾਵਾ-ਮਸੰਦਾਂ ਅਤੇ ਪੀ.ਐਚ.ਸੀ. ਤਲਵਣ ਬਲਾਕ ਬਿਲਗਾ ਨੂੰ ਵੀ ਅਵਾਰਡ ਮਿਲਿਆ। ਇਹ ਅਵਾਰਡ ਅੰਮ੍ਰਿਤਸਰ ਵਿੱਚ ਆਯੋਜਿਤ ਸਮਾਰੋਹ ਦੌਰਾਨ ਮਾਨਯੋਗ ਡਿਪਟੀ ਮੁੱਖ ਮੰਤਰੀ ਪੰਜਾਬ ਓ.ਪੀ.ਸੋਨੀ ਵਲੋਂ ਦਿੱਤੇ ਗਏ।
ਕਾਇਆਕਲਪ ਯੋਜਨਾ ਦੇ ਤਹਿਤ ਸਰਕਾਰੀ ਹਸਪਤਾਲਾਂ ਦਾ ਮੁਲਾਂਕਣ ਸਵੱਛਤਾ, ਸਫਾਈ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ, ਡਰੈਸ ਕੋਡ, ਸੁਰੱਖਿਆ, ਪਾਣੀ ਦੇ ਪ੍ਰਬੰਧਾਂ ਸਮੇਤ 7 ਮੁੱਖ ਬਿੰਦੂਆਂ ‘ਤੇ ਕੀਤਾ ਜਾਂਦਾ ਹੈ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਪੀ.ਐਚ.ਸੀਜ਼ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ-ਨਾਲ 2 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਗਈ। ਇਸ ਤੋਂ ਇਲਾਵਾ ਅਵਾਰਡ ਦੇ ਲਈ ਚੁਣੀਆਂ ਗਈਆਂ ਮਿਨੀ ਪੀ.ਐਚ.ਸੀ. ਰੰਧਾਵਾ ਮਸੰਦਾ ਅਤੇ ਤੱਲਣ ਨੂੰ ਵੀ 50 ਹਜਾਰ ਰੁਪਏ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ। ਕਾਇਕਲਪ ਅਵਾਰਡ ਲਈ ਪੂਰੇ ਪੰਜਾਬ ਵਿੱਚੋਂ ਸੀ.ਐਚ.ਸੀ. ਸ਼ਾਹਕੋਟ ਨੇ 6ਵਾਂ ਸਥਾਨ ਅਤੇ ਸੀ.ਐਚ.ਸੀ. ਸ਼ੰਕਰ ਨੇ 7ਵਾਂ ਸਥਾਨ ਪ੍ਰਾਪਤ ਕੀਤਾ ਹੈ। ਜਿਸ ਲਈ ਇਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ-ਨਾਲ 1-1 ਲੱਖ ਦੀ ਰਾਸ਼ੀ ਦਿੱਤੀ ਗਈ।