ਜਲੰਧਰ 7 ਮਈ : ਸੀ.ਪੀ.ਆਈ. ( ਐੱਮ. )ਦੇ ਸੂਬਾ ਸਕੱਤਰੇਤ ਮੈਂਬਰ ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਸਕੱਤਰ ਅਤੇ ਪੰਜਾਬ ਕਿਸਾਨ ਸਭਾ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰੇਤ ਮੈਂਬਰ ਅਤੇ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਜ਼ਿਲ੍ਹਾ ਸੰਗਰੂਰ ਬਰਨਾਲਾ ਦੇ ਪ੍ਰਸਿੱਧ ਕਿਸਾਨ ਤੇ ਕਮਿਊਨਿਸਟ ਆਗੂ ਕਾਮਰੇਡ ਗੁਰਦੇਵ ਸਿੰਘ ਦਰਦੀ ਦੀ ਮੌਤ ਤੇ ਬਹੁਤ ਹੀ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਕਾਮਰੇਡ ਤੱਗੜ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਕਾਮਰੇਡ ਗੁਰਦੇਵ ਸਿੰਘ ਦਰਦੀ ਸਾਰੀ ਜ਼ਿੰਦਗੀ ਕਿਸਾਨਾਂ ਮਜ਼ਦੂਰਾਂ , ਹੋਰ ਮਿਹਨਤਕਸ਼ ਲੋਕਾਂ , ਕਿਸਾਨ ਲਹਿਰ ਅਤੇ ਕਮਿਊਨਿਸਟ ਲਹਿਰ ਪ੍ਰਤੀ ਵਫ਼ਾਦਾਰ ਅਤੇ ਸਰਗਰਮ ਰਹੇ । ਕਾਮਰੇਡ ਤੱਗੜ ਨੇ ਦੱਸਿਆ ਕਿ ਮੇਰੇ ਉਨ੍ਹਾਂ ਨਾਲ ਸੰਬੰਧ 1989 ਤੋਂ ਉਸ ਸਮੇਂ ਤੋਂ ਚਲੇ ਆ ਰਹੇ ਹਨ ਜਦੋਂ ਮੇਰੀ ਡਿਊਟੀ ਪੰਜਾਬ ਕਿਸਾਨ ਸਭਾ ਵਿੱਚ ਲੱਗੀ ਸੀ। ਮੇਰੇ ਪੰਜਾਬ ਕਿਸਾਨ ਸਭਾ ਦੇ ਜਨਰਲ ਸਕੱਤਰ ਰਹਿਣ ਦਾ ਸਾਰਾ ਸਮਾਂ ( 1991 ਤੋਂ 2012 ਤੱਕ ) ਸਾਥੀ ਦਰਦੀ ਮੇਰੇ ਨਾਲ ਕਿਸਾਨ ਸਭਾ ਵਿੱਚ ਸਰਗਰਮ ਰਹੇ । ਉਹ ਪੰਜਾਬ ਕਿਸਾਨ ਸਭਾ ਵਿਚ ਜੁਆਇੰਟ ਸਕੱਤਰ , ਆਲ ਇੰਡੀਆ ਕਿਸਾਨ ਕਮੇਟੀ ( ਏ.ਆਈ. ਕੇ.ਸੀ. ) ਦੇ ਮੈਂਬਰ , ਜ਼ਿਲ੍ਹਾ ਸੰਗਰੂਰ ਕਿਸਾਨ ਸਭਾ ਦੇ ਸਕੱਤਰ ਅਤੇ ਹੋਰ ਜ਼ਿੰਮੇਵਾਰੀਆਂ ਲਗਾਤਾਰ ਨਿਭਾਉਂਦੇ ਰਹੇ। ਉਹ ਸੀ.ਪੀ.ਆਈ. ( ਐਮ. ) ਜ਼ਿਲ੍ਹਾ ਕਮੇਟੀ ਸੰਗਰੂਰ ਦੇ ਲੰਮਾ ਸਮਾਂ ਮੈਂਬਰ ਰਹੇ। ਕਾਮਰੇਡ ਤੱਗੜ ਨੇ ਦੱਸਿਆ ਕਿ ਕਾਮਰੇਡ ਦਰਦੀ ਦੀ ਵਿਸ਼ੇਸ਼ ਸਿਫ਼ਤ ਇਹ ਸੀ ਕਿ ਉਹ ਸੀ.ਪੀ.ਆਈ. ( ਐਮ. ) ਵਿਚ ਦੁਫੇੜ ਪਾਉਣ ਵਾਲਿਆਂ ਜਿਵੇਂ ਕਾਮਰੇਡ ਲਾਇਲਪੁਰੀ , ਪਾਸਲਾ , ਚੋਪੜਾ ਆਦਿ ਦੇ ਕੱਟੜ ਵਿਰੋਧੀ ਰਹੇ ਅਤੇ ਹਮੇਸ਼ਾ ਪਾਰਟੀ ਦੇ ਨਾਲ ਖੜ੍ਹੇ ਰਹੇ । ਜੇਕਰ ਪਾਰਟੀ ਵੱਲੋਂ ਕਾਮਰੇਡ ਦਰਦੀ ਬਾਰੇ ਕੋਈ ਛੋਟੇ – ਮੋਟੇ ਜਥੇਬੰਦਕ ਫੈਸਲੇ ਵੀ ਲਏ ਗਏ ਤਾਂ ਉਨ੍ਹਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਮੇਰੇ ਨਾਲ ਹਰ ਮਹੀਨੇ ਦੋ ਮਹੀਨੇ ਬਾਅਦ ਫੋਨ ਤੇ ਗੱਲਬਾਤ ਅਤੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਪਾਰਟੀ ਅਤੇ ਕਿਸਾਨ ਸਭਾ ਨੂੰ ਵੱਡਾ ਘਾਟਾ ਪਿਆ ਹੈ। ਅਸੀਂ ਜ਼ਿਲ੍ਹਾ ਕਮੇਟੀ ਜਲੰਧਰ ਕਪੂਰਥਲਾ ਵੱਲੋਂ ਸਾਥੀ ਦਰਦੀ ਦੇ ਪਰਿਵਾਰ ਅਤੇ ਪਾਰਟੀ ਨਾਲ ਡੂੰਘੇ , ਦੁੱਖ ਅਫ਼ਸੋਸ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਪ੍ਰਸ਼ੋਤਮ ਬਿਲਗਾ ਪ੍ਰਕਾਸ਼ ਕਲੇਰ , ਗੁਰਦੇਵ ਸਿੰਘ ਬਾਸੀ , ਗੁਰਪਰਮਜੀਤ ਕੌਰ ਤੱਗੜ , ਮੇਲਾ ਸਿੰਘ ਰੁੜਕਾ , ਮਾਸਟਰ ਮੂਲ ਚੰਦ , ਵਰਿੰਦਰਪਾਲ ਸਿੰਘ ਕਾਲਾ , ਮਿਹਰ ਸਿੰਘ ਖੁਰਲਾਪੁਰ , ਲਛਮਣ ਸਿੰਘ ਜੌਹਲ ਅਤੇ ਹੋਰ ਸਾਥੀਆਂ ਵੱਲੋਂ ਵੀ ਕਾਮਰੇਡ ਦਰਦੀ ਦੀ ਮੌਤ ਤੇ ਗਹਿਰੇ ਦੁੱਖ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ ।