ਜਲੰਧਰ 11 ਮਈ : ਸੀ.ਪੀ.ਆਈ. ( ਐੱਮ. )  ਪੰਜਾਬ ਰਾਜ ਕਮੇਟੀ ਦੇ ਸੂਬਾ ਸਕੱਤਰੇਤ ਨੇ ਪੰਜਾਬ ਦੀ ਸਾਰੀ ਪਾਰਟੀ ਨੂੰ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਮਾਨਿਕ ਸਰਕਾਰ ਉੱਪਰ ਬੀ.ਜੇ.ਪੀ. ਦੇ  ਗੁੰਡਿਆਂ ਵੱਲੋਂ ਵਹਿਸ਼ੀ  ਹਮਲਾ ਕਰਨ ਵਿਰੁੱਧ ਰੋਸ ਪ੍ਰਗਟ ਕਰਨ ਅਤੇ ਇਸ ਸਬੰਧੀ 12 ਤੋਂ 19 ਮਈ ਤੱਕ ਰੋਸ ਹਫਤਾ ਮਨਾਉਣ ਦਾ ਸੱਦਾ ਦਿੱਤਾ ਹੈ ।  ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੂਬਾ ਸਕੱਤਰੇਤ ਦਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕਾਮਰੇਡ ਮਾਣਿਕ ਸਰਕਾਰ 1988  ਤੋਂ ਲੈ ਕੇ 2018 ਤੱਕ ਪੂਰੇ 20 ਸਾਲ ਲਗਾਤਾਰ ਤ੍ਰਿਪੁਰਾ ਦੇ ਮੁੱਖ ਮੰਤਰੀ ਰਹੇ ਹਨ ਅਤੇ ਇਸ ਸਮੇਂ ਤ੍ਰਿਪੁਰਾ ਵਿਧਾਨ ਸਭਾ ਵਿੱਚ ਆਪੋਜੀਸ਼ਨ ਲੀਡਰ ਹਨ।  ਉਨ੍ਹਾਂ ਦੇ ਕਾਫ਼ਲੇ ਉਪਰ ਬੀ.ਜੇ.ਪੀ. ਦੇ ਗੁੰਡਿਆਂ ਦੀ ਭੀੜ ਨੇ ਉਸ ਸਮੇਂ ਪੱਥਰਾਂ , ਸੋਟਿਆਂ , ਆਂਡਿਆਂ , ਪਾਣੀ ਦੀਆਂ ਬੋਤਲਾਂ ਆਦਿ ਨਾਲ ਹਮਲਾ ਕੀਤਾ ਜਿਸ ਸਮੇਂ ਸਾਬਕਾ ਮੁੱਖ ਮੰਤਰੀ ਦੱਖਣੀ ਤ੍ਰਿਪੁਰਾ ਵਿਚ ਸ਼ਾਂਤਿਰਬਾਜ਼ਾਰ ਨੂੰ ਪਾਰਟੀ ਦੇ ਉਨ੍ਹਾਂ ਨੇਤਾਵਾਂ ਅਤੇ ਕਾਮਰੇਡਾਂ ਨੂੰ ਮਿਲਣ ਜਾ ਰਹੇ ਸਨ , ਜਿਨ੍ਹਾਂ ਉੱਤੇ ਬੀ.ਜੀ.ਪੀ. ਦੇ ਗੁੰਡਿਆਂ ਵੱਲੋਂ ਕੁਝ  ਦਿਨ ਪਹਿਲਾਂ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ ।  ਕਾਮਰੇਡ ਸੇਖੋਂ ਨੇ ਦੱਸਿਆ ਕਿ ਹਾਲਾਂਕਿ ਕਾਮਰੇਡ ਮਾਨਿਕ ਸਰਕਾਰ ਵੱਲੋਂ ਆਪਣੇ ਇਸ ਪ੍ਰੋਗਰਾਮ ਬਾਰੇ ਪ੍ਰਸ਼ਾਸਨ ਤੋਂ ਪਹਿਲਾਂ ਹੀ ਮਨਜ਼ੂਰੀ ਲਈ ਜਾ ਚੁੱਕੀ ਸੀ ਪਰ ਫੇਰ ਵੀ ਪੁਲਿਸ ਦੀ ਵੱਡੀ ਗਿਣਤੀ ਵਿੱਚ ਤਾਇਨਾਤੀ ਦੇ ਬਾਵਜੂਦ ਭੀੜ ਵੱਲੋਂ ਇਹ ਹਮਲਾ ਕੀਤਾ ਗਿਆ ਜਿਸ ਨੂੰ ਰੋਕਣ ਵਿੱਚ ਪ੍ਰਸ਼ਾਸਨ ਅਸਫਲ ਰਿਹਾ ।  ਕਾਮਰੇਡ ਸੇਖੋਂ ਨੇ ਪੰਜਾਬ ਦੀ ਸਮੁੱਚੀ ਪਾਰਟੀ ਨੂੰ ਸੱਦਾ ਦਿੱਤਾ ਕਿ ਪਿੰਡ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਇਸ ਗੁੰਡਾਗਰਦੀ ਵਿਰੁੱਧ ਲਗਾਤਾਰ  12 ਤੋਂ 19 ਮਈ ਤਕ ਹਰ ਸੰਭਵ ਰੂਪ ਵਿੱਚ ਰੋਸ ਪ੍ਰਗਟ ਕੀਤੇ ਜਾਣ ਅਤੇ ਐੱਸ.ਡੀ.ਐੱਮ. ਅਤੇ ਹੋਰ ਅਧਿਕਾਰੀਆਂ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜੇ ਜਾਣ ਅਤੇ ਮੰਗ ਕੀਤੀ ਜਾਵੇ ਕਿ ਤ੍ਰਿਪੁਰਾ ਦੀ ਬੀ.ਜੇ.ਪੀ. ਸਰਕਾਰ ਨੂੰ ਇਸ ਹਮਲੇ ਦੇ ਦੋਸ਼ੀਆਂ ਨੂੰ ਫੌਰਨ ਗ੍ਰਿਫਤਾਰ ਕਰਕੇ ਯੋਗ ਸਜ਼ਾ ਦੇਣ ਅਤੇ ਸੂਬੇ ਵਿੱਚ ਹਰ ਰੋਜ਼ ਸੀ.ਪੀ.ਆਈ. ( ਐਮ. ) ਅਤੇ ਖੱਬੇ ਫਰੰਟ ਦੇ ਆਗੂਆਂ ਅਤੇ ਵਰਕਰਾਂ ਵਿਰੁੱਧ ਕੀਤੇ ਜਾ ਰਹੇ  ਹਮਲਿਆਂ ਨੂੰ ਨੱਥ ਪਾਉਣ ਲਈ ਕਿਹਾ ਜਾਵੇ ।