ਜਲੰਧਰ 18 ਸਤੰਬਰ : ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਪੁਰਾਣੇ ਜ਼ਿਲ੍ਹਾ ਸਕੱਤਰੇਤ ਦੀ ਵਧਾਈ ਹੋਈ ਮੀਟਿੰਗ ਇਥੇ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਜਲੰਧਰ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਮਾਸਟਰ ਮੂਲ ਚੰਦ ਸਰਹਾਲੀ ਵੱਲੋਂ ਕੀਤੀ ਗਈ । ਆਰੰਭ ਵਿੱਚ ਸੀ.ਪੀ.ਆਈ. ( ਐਮ. ) ਦੇ ਵਿਛੜੇ ਆਗੂਆਂ ਕੇਂਦਰੀ ਕਮੇਟੀ ਮੈਂਬਰ ਅਤੇ ਤ੍ਰਿਪੁਰਾ ਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੌਤਮ ਦਾਸ ਅਤੇ ਗੁਰਦਾਸਪੁਰ ਜ਼ਿਲਾ ਕਮੇਟੀ ਮੈਂਬਰ ਕਾਮਰੇਡ ਅਵਤਾਰ ਸਿੰਘ ਕਿਰਤੀ ਅਤੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਸੱਤ ਸੌ ਤੋਂ ਵੱਧ ਕਿਸਾਨਾਂ ਨੂੰ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ । ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. ( ਐਮ. ) ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਸੰਘਰਸ਼ ਨੂੰ ਹੋਰ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਣ ਲਈ 27 ਸਤੰਬਰ ਨੂੰ ਭਾਰਤ ਬੰਦ ਕੀਤਾ ਜਾ ਰਿਹਾ ਹੈ । ਭਾਰਤ ਬੰਦ ਇੱਕ ਵਾਰ ਮੁੜ ਇਹ ਸਾਬਤ ਕਰ ਦੇਵੇਗਾ ਕਿ ਪੰਜਾਬ ਦੀ ਧਰਤੀ ਤੋਂ ਉੱਠਿਆ ਇਤਿਹਾਸ ਸਿਰਜ ਰਿਹਾ ਕਿਸਾਨ ਸੰਘਰਸ਼ ਹੁਣ ਸਾਰੇ ਭਾਰਤ ਦਾ ਸੰਘਰਸ਼ ਬਣ ਚੁੱਕਾ ਹੈ । ਕਾਮਰੇਡ ਸੇਖੋਂ ਨੇ ਇਹ ਵੀ ਕਿਹਾ ਕਿ ਇਹ ਸੰਘਰਸ਼ ਹੁਣ ਕੇਵਲ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਸੰਘਰਸ਼ ਹੀ ਨਹੀਂ ਰਹਿ ਗਿਆ ਬਲਕਿ ਇਹ ਦੇਸ਼ ਵਿੱਚੋਂ ਹਿੰਦੂ ਰਾਸ਼ਟਰਵਾਦੀ ਫ਼ਿਰਕੂ ਮੋਦੀ ਸਰਕਾਰ ਨੂੰ ਗੱਦੀ ਤੋਂ ਹਟਾਉਣ ਲਈ ‘ ਬੀ.ਜੇ.ਪੀ. ਨੂੰ ਹਰਾਓ ‘ ਸੰਘਰਸ਼ ਦਾ ਰੂਪ ਧਾਰਨ ਕਰ ਚੁੱਕਾ ਹੈ । ਕਾਮਰੇਡ ਸੇਖੋਂ ਨੇ ਪੰਜਾਬ ਦੀ ਸਮੁੱਚੀ ਪਾਰਟੀ ਨੂੰ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਦਿਨ ਰਾਤ ਇਕ ਕਰ ਦੇਣ ਦਾ ਸੱਦਾ ਦਿੱਤਾ । ਜ਼ਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਜਲੰਧਰ – ਕਪੂਰਥਲਾ ਦੀ ਸਮੁੱਚੀ ਪਾਰਟੀ ਪਹਿਲਾਂ ਹੀ 27 ਸਤੰਬਰ ਦੇ ਭਾਰਤ ਬੰਦ ਨੂੰ ਲਾਮਿਸਾਲ ਤੌਰ ਤੇ ਸਫਲ ਕਰਨ ਲਈ ਜੁਟੀ ਹੋਈ ਹੈ । ਪਾਰਟੀ ਦੇ ਪ੍ਰਭਾਵ ਵਾਲੀਆਂ ਲਾਲ ਝੰਡੇ ਦੀ ਅਗਵਾਈ ਹੇਠ ਕੰਮ ਕਰਨ ਵਾਲੀਆਂ ਜਨਤਕ ਜਥੇਬੰਦੀਆਂ ਪੰਜਾਬ ਕਿਸਾਨ ਸਭਾ , ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਦੇ ਸਮੂਹ ਸਾਥੀ ਦੋਹਾਂ ਜ਼ਿਲ੍ਹਿਆਂ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਬੰਦ ਦੀ ਸਫ਼ਲਤਾ ਵਾਸਤੇ ਡਟੀਆਂ ਹੋਈਆਂ ਹਨ । ਕਾਮਰੇਡ ਤੱਗੜ ਨੇ ਦੱਸਿਆ ਕਿ 27 ਸਤੰਬਰ ਨੂੰ ਸਵੇਰੇ ਸਵੇਰੇ ਬੰਦ ਨੂੰ ਸਫਲ ਬਣਾਉਣ ਤੋਂ ਬਾਅਦ ਸਾਰੀਆਂ ਤਹਿਸੀਲਾਂ ਵਿਚ ਲਾਲ ਝੰਡੇ ਦੀ ਅਗਵਾਈ ਵਿਚ ਸੜਕਾਂ ਜਾਮ ਕੀਤੀਆਂ ਜਾਣਗੀਆਂ ਅਤੇ ਰੋਹ ਭਰੇ ਮਾਰਚ ਕੀਤੇ ਜਾਣਗੇ । ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਤ੍ਰਿਪੁਰਾ ਪ੍ਰਾਂਤ ਵਿੱਚ ਬੀ.ਜੇ.ਪੀ. ਆਰ.ਐੱਸ.ਐੱਸ. ਸਰਕਾਰ ਵੱਲੋਂ ਤ੍ਰਿਪੁਰਾ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਕਾਮਰੇਡ ਮਾਣਕ ਸਰਕਾਰ ਅਤੇ ਹੋਰ ਸੈਂਕੜੇ ਆਗੂਆਂ ਅਤੇ ਪਾਰਟੀ ਦਫਤਰਾਂ , ਗੱਡੀਆਂ ਅਤੇ ਕਾਮਰੇਡਾਂ ਦੇ ਘਰਾਂ ਤੇ ਹਮਲੇ ਕਰਨ ਅਤੇ ਅੱਗਾਂ ਲਾਉਣ ਦੀ ਸਖ਼ਤ ਨਿਖੇਧੀ ਕਰਦੇ ਹੋਏ ਤ੍ਰਿਪੁਰਾ ਦੀ ਪਾਰਟੀ ਅਤੇ ਲੋਕਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ । ਮਤੇ ਵਿੱਚ ਕਿਹਾ ਗਿਆ ਕਿ ਤ੍ਰਿਪੁਰਾ ਦੇ ਲੋਕਾਂ ਅਤੇ ਪਾਰਟੀ ਨੂੰ ਅਜਿਹੇ ਹਮਲਿਆਂ ਨਾਲ ਦਬਾਇਆ ਨਹੀਂ ਜਾ ਸਕਦਾ । ਮੀਟਿੰਗ ਵਿੱਚ ਕਾਮਰੇਡ ਸੇਖੋਂ ਵੱਲੋਂ ਪਾਰਟੀ ਦਾ ਪੋਲਿਟ ਬਿਊਰੋ ਦੇ ਸੱਦੇ ਅਨੁਸਾਰ ਤ੍ਰਿਪੁਰਾ ਦੀ ਪਾਰਟੀ ਅਤੇ ਇਨ੍ਹਾਂ ਘਿਨਾਉਣੇ ਹਮਲਿਆਂ ਦਾ ਸ਼ਿਕਾਰ ਹੋਏ ਸਾਥੀਆਂ ਦੀ ਸਹਾਇਤਾ ਵਾਸਤੇ ਫੰਡ ਇਕੱਤਰ ਕਰਨ ਦੀ ਕੀਤੀ ਗਈ ਅਪੀਲ ਦਾ ਹੁੰਗਾਰਾ ਭਰਦਿਆਂ ਹਾਜ਼ਰ ਸਾਥੀਆਂ ਵੱਲੋਂ ਮੌਕੇ ਤੇ ਹੀ 28,300 ਰੁਪਏ ਇਕੱਤਰ ਹੋ ਗਏ ਜੋ ਮੌਕੇ ਤੇ ਹੀ ਸਾਥੀ ਸੇਖੋਂ ਨੂੰ ਭੇਂਟ ਕਰ ਦਿੱਤੇ ਗਏ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਪ੍ਰਸ਼ੋਤਮ ਬਿਲਗਾ , ਵਰਿੰਦਰਪਾਲ ਸਿੰਘ ਕਾਲਾ , ਕੇਵਲ ਸਿੰਘ ਹਜ਼ਾਰਾ , ਪ੍ਰਕਾਸ਼ ਕਲੇਰ , ਸੀਤਲ ਸਿੰਘ ਸੰਘਾ, ਗੁਰਪਰਮਜੀਤ ਕੌਰ ਤੱਗੜ , ਜਸਕਰਨ ਸਿੰਘ ਕੰਗ , ਯੁਵਰਾਜ ਸਿੰਘ , ਮੇਹਰ ਸਿੰਘ ਖੁਰਲਾਪੁਰ , ਵੀ.ਵੀ. ਐਂਥਨੀ , ਬਲਦੇਵ ਸਿੰਘ ਸੁਲਤਾਨਪੁਰ , ਰਾਮ ਮੂਰਤੀ ਸਿੰਘ , ਗੁਰਮੀਤ ਸਿੰਘ ਗੌਂਸੂਵਾਲ ਵੀ ਸ਼ਾਮਲ ਸਨ ।
ਫੋਟੋ ਕੈਪਸ਼ਨ : ਕਾਮਰੇਡ ਲਹਿੰਬਰ ਸਿੰਘ ਤੱਗੜ ਹੋਰ ਜਿਲ੍ਹਾ ਕਮੇਟੀ ਮੈਂਬਰਾ ਨਾਲ ਤ੍ਰਿਪੁਰਾ ਰਿਲੀਫ਼ ਫੰਡ ਵਾਸਤੇ ਕਾਮਰੇਡ ਸੇਖੋਂ ਨੂੰ 28 ,300 ਰੁਪਏ ਦੀ ਰਕਮ ਭੇਂਟ ਕਰਦੇ ਹੋਏ