ਜਲੰਧਰ 14 ਜੁਲਾਈ : ਸੀ.ਪੀ.ਆਈ. ( ਐਮ. ) ਦੇ ਪੰਜਾਬ ਸੂਬਾ ਸਕੱਤਰੇਤ ਦੀ ਮੀਟਿੰਗ ਇੱਥੇ ਕਾਮਰੇਡ ਗੁਰਚੇਤਨ ਸਿੰਘ ਬਾਸੀ ਦੀ ਪ੍ਰਧਾਨਗੀ ਵਿੱਚ ਹੋਈ  ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਦੇਸ਼ ਦੇ ਸਿਰਮੌਰ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 13ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ 29 ਜੁਲਾਈ ਨੂੰ ਬਾਬਾ ਸੋਹਣ ਸਿੰਘ ਭਕਨਾ ਟਰੱਸਟ ਅਤੇ ਅਦਾਰਾ ਦੇਸ਼  ਸੇਵਕ ਵੱਲੋਂ ਭਕਨਾ ਭਵਨ ਵਿਖੇ ਮਨਾਈ ਜਾ ਰਹੀ ਹੈ ।  ਜਿਸ ਨੂੰ ਸੰਬੋਧਨ ਕਰਨ ਲਈ ਸੀ.ਪੀ.ਆਈ. ( ਐਮ. ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ( ਫਿਜ਼ੀਕਲੀ ) ਪਹੁੰਚ ਰਹੇ ਹਨ ।  ਇਸ ਸਮਾਗਮ ਵਿਚ ਪੰਜਾਬ ਦੀਆਂ ਦੂਸਰੀਆਂ ਰਾਜਨੀਤਕ ਪਾਰਟੀਆਂ ਦੇ ਸੂਬਾਈ ਆਗੂ ਵੀ ਕਾਮਰੇਡ ਸੁਰਜੀਤ ਜੀ ਨੂੰ ਯਾਦ ਕਰਨ ਲਈ  ਪੁੱਜ ਰਹੇ ਹਨ ।  ਇਸ ਸਮਾਗਮ ਨੂੰ ਸਫਲ ਕਰਨ ਲਈ ਪਾਰਟੀ ਦੀਆਂ ਸਾਰੀਆਂ ਜ਼ਿਲ੍ਹਾ ਕਮੇਟੀਆਂ ਨੂੰ ਵੱਧ ਤੋਂ ਵੱਧ ਮਿੱਥੇ ਟੀਚਿਆਂ ਅਨੁਸਾਰ ਸਾਥੀਆਂ ਦੀ ਸ਼ਮੂਲੀਅਤ ਕਰਾਉਣ ਦੀ ਅਪੀਲ ਕੀਤੀ ਗਈ ਹੈ  । ਸਾਥੀ ਸੇਖੋਂ ਨੇ ਅੱਗੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸਭਾ , ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਵੱਲੋਂ 7 ਨੁਕਾਤੀ ਮੰਗ ਪੱਤਰ ਉੱਤੇ ਰਾਸ਼ਟਰੀ ਪੱਧਰ ਉਤੇ ਵਿਸ਼ਾਲ ਜਨਤਕ ਲਾਮਬੰਦੀ ਕਰਨ ਲਈ 25 ਜੁਲਾਈ ਤੋਂ 8 ਅਗਸਤ ਤੱਕ ਤਹਿਸੀਲ ਪੱਧਰ ਤੇ  ਜਥਾ ਮਾਰਚ ਚਲਾਉਣ ਅਤੇ 9 ਅਗਸਤ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਰੋਹ ਭਰੇ ਤੇ ਵਿਸ਼ਾਲ ਧਰਨੇ ਮੁਜ਼ਾਹਰੇ ਕਰਨ ਦੇ ਸੱਦਿਆਂ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਦੇ ਫ਼ੈਸਲੇ ਕੀਤੇ ਗਏ ।  ਇਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ 19 ਜੁਲਾਈ ਤੋਂ  13 ਅਗਸਤ ਤੱਕ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਕਿਸਾਨੀ ਮੰਗਾਂ ਦੇ ਹੱਕ ਵਿੱਚ ਵਿਰੋਧੀ ਧਿਰ ਦੇ ਪਾਰਲੀਮੈਂਟ ਮੈਂਬਰਾਂ ਨੂੰ ਆਵਾਜ਼ ਉਠਾਉਣ ਲਈ ਕਹਿਣ ਵਾਸਤੇ ਉਲੀਕੇ ਗਏ ਦਿੱਲੀ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਵੀ ਪ੍ਰੋਗਰਾਮ ਉਲੀਕੇ ਗਏ  । ਮੀਟਿੰਗ ਦੇ ਆਰੰਭ ਵਿੱਚ ਮਹਾਰਾਸ਼ਟਰ ਤੋਂ ਸੀ.ਪੀ.ਆਈ. ( ਐਮ. ) ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਮਹਿੰਦਰ ਸਿੰਘ , ਕਾਮਰੇਡ ਕੁਲਵੰਤ ਸਿੰਘ ਝਬਾਲ , ਡਾ. ਸ਼ੇਰ ਸਿੰਘ ਅਤੇ ਕਿਸਾਨ ਸੰਘਰਸ਼ ਵਿਚ ਸਾਢੇ ਪੰਜ ਸੌ ਤੋਂ  ਵੱਧ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਖੜ੍ਹੇ ਹੋ ਕੇ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।  ਮੀਟਿੰਗ ਵਿਚ ਸਾਰੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ , ਕਾਮਰੇਡ ਭੂਪ ਚੰਦ ਚੰਨੋ  , ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ , ਕਾਮਰੇਡ ਮੇਜਰ ਸਿੰਘ ਭਿੱਖੀਵਿੰਡ  , ਬਲਵੀਰ ਸਿੰਘ ਜਾਡਲਾ ਤੇ ਕਾਮਰੇਡ ਕੁਲਵਿੰਦਰ ਸਿੰਘ ਉਡਤ ਹਾਜ਼ਰ ਸਨ ।  ਕੁਝ ਵਿਸ਼ੇਸ਼ ਅਤੇ ਮਹੱਤਵਪੂਰਨ ਜਥੇਬੰਦਕ ਫੈਸਲੇ ਵੀ ਕੀਤੇ ਗਏ  ।