ਫਗਵਾੜਾ 3 ਜੂਨ (ਸ਼ਿਵ ਕੋੜਾ) ਸੀਨੀਅਰ ਭਾਜਪਾ ਆਗੂ ਅਤੇ ਨਗਰ ਨਿਗਮ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਾਰਪੋਰੇਸ਼ਨ ਅਧਿਕਾਰੀਆਂ ਉਪਰ ਇਮਾਰਤਾਂ ਦੇ ਨਕਸ਼ੇ ਪਾਸ ਕਰਾਉਣ ਲਈ ਸਮੇਂ ਸਿਰ ਐਨ.ਓ.ਸੀ. ਜਾਰੀ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰਦੇ ਹਨ ਕਿ ਨਕਸ਼ੇ ਪਾਸ ਕਰਾਉਣ ਦਾ ਸਾਰਾ ਕੰਮ ਆਨ ਲਾਈਨ ਕਰ ਦਿੱਤਾ ਗਿਆ ਹੈ ਜਿਸ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਈ ਹੈ ਲੇਕਿਨ ਸੱਚਾਈ ਇਹ ਹੈ ਕਿ ਲੋਕਾਂ ਨੂੰ ਹੁਣ ਵੀ ਨੌਕਰਸ਼ਾਹੀ ਅੱਗੇ ਨਤਮਸਤਕ ਹੋਣਾ ਪੈਂਦਾ ਹੈ ਕਿਉਂਕਿ ਨਕਸ਼ਾ ਪਾਸ ਕਰਾਉਣ ਲਈ ਕਾਰਪੋਰੇਸ਼ਨ ਤੋਂ ਐਨ.ਓ.ਸੀ. ਲੈਣਾ ਜਰੂਰੀ ਹੈ ਅਤੇ ਇਹ ਸੁਵਿਧਾ ਆਨ ਲਾਈਨ ਨਾ ਹੋਣ ਦੇ ਚਲਦਿਆਂ ਅਧਿਕਾਰੀਆਂ ਵਲੋਂ ਨਜਾਇਜ ਫਾਇਦਾ ਚੁੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਿਹਾਇਸੀ ਇਮਾਰਤਾਂ ਦੀਆਂ ਫਾਈਲਾਂ ਬਿਨਾਂ ਵਜ੍ਹਾ ਕਈ ਮਹੀਨੇ ਤੱਕ ਲਟਕਾ ਕੇ ਰੱਖੀਆਂ ਜਾਂਦੀਆਂ ਹਨ ਅਤੇ ਜਦੋਂ ਪਰੇਸ਼ਾਨ ਹੋ ਕੇ ਸਬੰਧਤ ਵਿਅਕਤੀ ਖਰਚਾ-ਪਾਣੀ ਦੇਣ ਲਈ ਤਿਆਰ ਹੋ ਜਾਂਦਾ ਹੈ ਤਾਂ ਹੀ ਐਨ.ਓ.ਸੀ. ਦਿੱਤੀ ਜਾਂਦੀ ਹੈ। ਕਮਰਸ਼ੀਅਲ ਇਮਾਰਤਾਂ ਦੀ ਐਨ.ਓ.ਸੀ. ਲਈ ਤਾਂ ਲੋਕਾਂ ਨੂੰ ਸਾਲਾਂ ਬੱਧੀ ਇੰਤਜ਼ਾਰ ਕਰਾਇਆ ਜਾਂਦਾ ਹੈ ਅਤੇ ਡਿਮਾਂਡ ਵੀ ਵੱਡੀ ਰੱਖੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਉਹਨਾਂ ਦੀ ਜਾਣਕਾਰੀ ਵਿਚ ਆਏ ਹਨ ਲੇਕਿਨ ਲੋਕ ਖੁੱਲ ਕੇ ਨਹੀਂ ਬੋਲਦੇ ਕਿਉਂਕਿ ਡਰਦੇ ਹਨ ਕਿ ਕਿਧਰੇ ਇਮਾਰਤ ਨੂੰ ਗੈਰ ਕਾਨੂੰਨੀ ਦੱਸ ਕੇ ਐਨ.ਓ.ਸੀ. ਦੇਣ ਤੋਂ ਇੰਨਕਾਰ ਨਾ ਕਰ ਦਿੱਤਾ ਜਾਵੇ। ਖੋਸਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣਾਂ ਸਮੇਂ ਛਾਤੀ ਠੋਕ ਕੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇਗੀ ਪਰ ਉਹਨਾਂ ਦੀ ਸਰਕਾਰ ਖੁੱਦ ਹੀ ਭ੍ਰਿਸ਼ਟਾਚਾਰ ਦੇ ਮੌਕੇ ਸਰਕਾਰੀ ਮਹਿਕਮਿਆਂ ‘ਚ ਤਾਇਨਾਤ ਨੌਕਰਸ਼ਾਹੀ ਨੂੰ ਦੇ ਰਹੀ ਹੈ। ਜਿਸ ਨੂੰ ਲੈ ਕੇ ਆਮ ਲੋਕਾਂ ਵਿਚ ਭਾਰੀ ਰੋਸ ਹੈ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ