ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦਾ ਇੱਕ ਵਫਦ ਪ੍ਰੋ.ਸੁਖਦੇਵ ਸਿੰਘ ਰੰਧਾਵਾ ਜਨਰਲ ਸਕੱਤਰ ਦੀ ਰਹਿਨਮਾਈ ਹੇਠ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਨੂੰ ਉਹਨਾਂ ਦੀ ਰਿਹਾਇਸ਼ ਕਾਦੀਆ ਵਿਖੇ ਮਿਲਿਆ| ਵਫਦ ਨੇ ਸਰਦਾਰ ਬਾਜਵਾ ਜੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਵਿਦਿਆਰਥੀਆਂ ਅਤੇ ਕਾਲਜ ਅਧਿਆਪਕਾਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ| ਇਸ ਵਫਦ ਵਿੱਚ ਡਾ.ਬੀ.ਬੀ.ਯਾਦਵ, ਪ੍ਰੋ.ਧਿਆਨ ਸਿੰਘ ਸੰਧੂ, ਡਾ.ਗੁਰਦਾਸ ਸਿੰਘ ਸੇਖੋਂ ਅਤੇ ਡਾ.ਮੁਨੀਸ਼ ਗੁਪਤਾ ਡੀ.ਏ.ਵੀ ਕਾਲਜ ਅੰਮ੍ਰਿਤਸਰ ਤੋਂ ਸ਼ਾਮਿਲ ਹੋਏ| ਆਪਣੀਆਂ ਜਾਇਜ਼ ਮੰਗਾਂ ਸਬੰਧੀ ਜਾਣੂੰ ਕਰਵਾਉਂਦਿਆਂ ਜਨਰਲ ਸਕੱਤਰ ਪ੍ਰੋ.ਸੁਖਦੇਵ ਸਿੰਘ ਰੰਧਾਵਾ ਨੇ ਮਾਨਯੋਗ ਕੈਬਨਿਟ ਮੰਤਰੀ ਨੂੰ ਕਿਹਾ ਕਿ ਜੋ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਦਾਖਲਾ ਲੈ ਰਹੇ ਹਨ ਉਹਨਾਂ ਕੋਲੋਂ ਕੋਵਿਡ ਸਮੱਸਿਆ ਕਾਰਨ ਲੇਟ ਫੀਸ ਨਾ ਲਈ ਜਾਵੇ ਅਤੇ ਦਾਖਲੇ ਲਈ ਲੇਟ ਫੀਸ ਦੀ ਮਿਤੀ ਵਿੱਚ ਵਾਧਾ ਕੀਤਾ ਜਾਵੇ| ਉਹਨਾਂ ਨੇ ਯੂਨੀਵਰਸਿਟੀ ਕੈਲੰਡਰ ਨੂੰ ਏਡਿਡ ਕਾਲਜਾਂ ਵਿੱਚ ਇੰਨ-ਬਿੰਨ ਲਾਗੂ ਕਰਨ ਦੀ ਮੰਗ ਵੀ ਕੀਤੀ| ਯੂਨੀਵਰਸਿਟੀ ਦੇ ਕਾਨਸਟੀਚਿਊਟ ਕਾਲਜਾਂ ਵਿੱਚ ਪਿੰ੍ਰਸੀਪਲ ਅਤੇ ਅਧਿਆਪਕਾਂ ਨੂੰ ਰੈਗੂਲਰ ਭਰਤੀ ਕਰਨ ਦੀ ਗੱਲ ਕਹੀ| ਕਿਉਂਕਿ ਇਹਨਾਂ ਕਾਲਜਾਂ ਵਿੱਚ ਜ਼ਿਆਦਾਤਰ ਅਸਥਾਈ ਪ੍ਰਿੰਸੀਪਲ ਅਤੇ ਅਧਿਆਪਕਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ| ਮਾਨਯੋਗ ਕੈਬਨਿਟ ਮੰਤਰੀ ਬਾਜਵਾ ਸਾਹਿਬ ਨੇ ਤੁਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪ੍ਰਬੰਧਨ ਨੂੰ ਹਦਾਇਤ ਕੀਤੀ ਕਿ ਕੋਵਿਡ ਦੀ ਸਮੱਸਿਆ ਕਰਕੇ ਵਿਦਿਆਰਥੀਆਂ ਕੋਲੋਂ ਦਾਖਲੇ ਲਈ ਲੇਟ ਫੀਸ ਅਜੇ ਨਾ ਲਈ ਜਾਵੇ ਅਤੇ ਯੂਨੀਵਰਸਿਟੀ ਕੈਲੰਡਰ ਨੂੰ ਲਾਗੂ ਕਰਨ ਨੂੰ ਵੀ ਕਿਹਾ| ਇਸਤੋਂ ਇਲਾਵਾ ਮੰਤਰੀ ਸਾਹਿਬਾਨ ਨੇ ਅਧਿਆਪਕ ਵਫਦ ਨੂੰ ਭਰੋਸਾ ਦਿਵਾਇਆ ਕਿ ਤੁਹਾਡੀਆਂ ਸਾਰੀਆਂ ਜਾਇਜ਼ ਬਾਕੀ ਮੰਗਾਂ ਵੀ ਜਲਦੀ ਤੋਂ ਜਲਦੀ ਪੂਰੀਆਂ ਕੀਤੀਆ ਜਾਣਗੀਆਂ| ਵਫਦ ਨੇ ਮਾਨਯੋਗ ਮੰਤਰੀ ਸਾਹਿਬ ਦਾ ਉਹਨਾਂ ਦੀਆਂ ਮੰਗਾਂ ਪ੍ਰਤੀ ਦਿਆਨਤ ਭਰੇ ਰਵੱਈਏ ਲਈ ਧੰਨਵਾਦ ਕੀਤਾ|