ਫਗਵਾੜਾ, 29 ਨਵੰਬਰ (ਸ਼ਿਵ ਕੋੜਾ) ਪੰਜਾਬੀ ਕਾਲਮਨਵੀਸ ਪੱਤਰਕਾਰਾਂ ਨੂੰ ਸਰਕਾਰੀ ਐਕਰੀਡੇਟਿਡ  ਪੱਤਰਕਾਰਾਂ ਵਾਲੀਆਂ ਸਹੂਲਤਾਂ ਦੇਕੇ ਵੈਟਰਨ ਕਾਲਮਨਵੀਸ ਪੱਤਰਕਾਰਾਂ ਨੂੰ ਪੈਨਸ਼ਨ ਤੇ ਹੋਰ ਸਹੂਲਤਾਂ ਦੇਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਭਰੋਸਾ ਪਰਗਟ ਸਿੰਘ ਉੱਚ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਕੈਬਨਿਟ ਮੰਤਰੀ ਨੇ ਪੰਜਾਬੀ ਕਾਲਮ ਨਵੀਸ  ਪੱਤਰਕਾਰ ਮੰਚ  ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਅਤੇ ਉਹਨਾ ਨਾਲ ਗਏ ਵਫ਼ਦ ਨੂੰ ਦਿੱਤਾ। ਇਸ ਵਫ਼ਦ ਵਿੱਚ ਪ੍ਰਸਿੱਧ ਕਾਲਮਨਵੀਸ ਅਤੇ ਪੱਤਰਕਾਰ ਪ੍ਰੋ: ਜਸਵੰਤ ਸਿੰਘ ਗੰਡਮ, ਡਾ: ਆਸਾ ਸਿੰਘ ਘੁੰਮਣ, ਰਵਿੰਦਰ ਚੋਟ ਅਤੇ ਪਰਵਿੰਦਰ ਜੀਤ ਸਿੰਘ ਸ਼ਾਮਲ ਸਨ। ਵਫ਼ਦ ਨੇ ਇੱਕ ਲਿਖਤੀ ਯਾਦ ਪੱਤਰ ਮੰਮੋਰੰਡਮ ਕੈਬਨਿਟ ਮੰਤਰੀ ਪਰਗਟ ਸਿੰਘ ਨੂੰ ਦਿੱਤਾ ਅਤੇ ਦੱਸਿਆ ਕਿ ਪੰਜਾਬੀ ਕਲਾਮਨਵਿਸ ਪੱਤਰਕਾਰਾਂ ਦਾ ਪੱਤਰਕਾਰੀ ਵਿੱਚ ਵੱਡਾ ਰੋਲ ਹੈ ਅਤੇ ਪ੍ਰਸਿੱਧ ਕਾਲਮਨਵੀਸ ਪ੍ਰੋ: ਪਿਆਰਾ ਸਿੰਘ ਭੋਗਲ, ਡਾ: ਸਵਰਾਜ ਸਿੰਘ, ਡਾ: ਐਸ.ਐਸ. ਛੀਨਾ, ਡਾ: ਸ਼ਿਆਮ ਸੁੰਦਰ ਦੀਪਤੀ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਉਜਾਗਰ ਸਿੰਘ, ਡਾ: ਗਿਆਨ ਸਿੰਘ ਡਾ: ਚਰਨਜੀਤ ਸਿੰਘ ਗੁੰਮਟਾਲਾ ਵਰਗੇ ਉੱਚ ਕੋਟੀ ਪੱਤਰਕਾਰ ਲਗਾਤਾਰ ਸਿਆਸੀ, ਸਮਾਜਿਕ ਸਰੋਕਾਰਾਂ ਸਬੰਧੀ ਆਰਟੀਕਲ ਲਿਖਕੇ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ। ਉਹਨਾ ਮੰਗ ਕੀਤੀ ਕਿ ਇਹਨਾ ਕਾਲਮਨਵੀਸ ਪੱਤਰਕਾਰਾਂ ਨੂੰ ਵੀ ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਪੱਤਰਕਾਰ ਚੁਨਣ ਵੇਲੇ ਧਿਆਨ ‘ਚ ਰੱਖਿਆ ਜਾਵੇ। ਉਹਨਾ ਕਾਲਮਨਵੀਸ ਪੱਤਰਕਾਰਾਂ  ਲਈ ਸਰਕਾਰੀ ਪੱਤਰਕਾਰ ਦਾ ਦਰਜ਼ਾ ਦੇਕੇ ਸ਼ਨਾਖਤੀ ਕਾਰਡ ਜਾਰੀ ਕਰਕੇ ਪੱਤਰਕਾਰਾਂ ਵਾਲੀਆਂ ਸਹੂਲਤਾਂ ਦੇਣ, ਵੈਟਰਨ ਕਾਲਮਨਵੀਸ ਨੂੰ ਵੈਟਰਨ ਪੰਜਾਬੀ ਲੇਖਕਾਂ, ਵਾਂਗਰ ਪੈਨਸ਼ਨ ਦੇਣ ਦੀ ਮੰਗ ਵੀ ਕੀਤੀ।