ਜਲੰਧਰ, 16 ਨਵੰਬਰ  -ਦਿਵਾਲੀ ਦੇ ਤਿਉਹਾਰ ‘ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਦਿੱਤੇ ਇਕ ਵਿਵਾਦਿਤ ਬਿਆਨ ਨੇ ਚਰਚਾ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਦਰਅਸਲ ਸਿਆਸੀ ਰੰਗਤ ਦੇ ਚੱਕਰ ਵਿਚ ਸੁਖਪਾਲ ਸਿੰਘ ਖਹਿਰਾ ਦਿਵਾਲੀ ਨੂੰ ਕਾਲੀ ਦਿਵਾਲੀ ਕਹਿ ਦਿੱਤਾ।ਇਸ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਹਿੰਦੂ ਸੰਗਠਨਾਂ ਨੇ ਭਾਰੀ ਗਿਣਤੀ ਵਿਚ ਸੁਖਪਾਲ ਖਹਿਰਾ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਸੁਖਪਾਲ ਖਹਿਰਾ ਹਰ ਵਾਰੀ ਹਿੰਦੂ ਧਰਮ ਨੂੰ ਹੀ ਕਿਉਂ ਟਾਰਗਟ ਕਰਦਾ ਹੈ? ਕਈ ਸੰਗਠਨਾਂ ਦੇ ਅਧਿਕਾਰੀਆਂ ਨੇ ਮੰਗ ਕੀਤੀ ਕਿ ਸੁਖਪਾਲ ਖਹਿਰਾ ‘ਤੇ ਪਰਚਾ ਦਿੱਤਾ ਜਾਵੇ ਅਤੇ ਸਮੂਹਿਕ ਰੂਪ ਵਿਚ ਉਸ ਕੋਲੋਂ ਜਨਤਕ ਤੌਰ ‘ਤੇ ਮਾਫੀ ਮੰਗਵਾਈ ਜਾਵੇ।
ਕਈ ਸੰਗਠਨਾਂ ਦੇ ਅਹੁਦੇਦਾਰਾਂ ਨੇ ਸੁਖਪਾਲ ਖਹਿਰਾ ਦੇ ਮੋਬਾਇਲ ਨੰਬਰਾਂ ਅਤੇ ਸੋਸ਼ਲ ਮੀਡਿਆ ਅਕਾਊੰਟਾਂ ‘ਤੇ ਪੋਸਟਾਂ ਪਾਕੇ ਸੁਖਪਾਲ ਖਹਿਰਾ ਤੋਂ ਮਾਫੀ ਮੰਗਣ ਦੀ ਅਪੀਲ ਕੀਤੀ। ਅਹੁਦੇਦਾਰਾਂ ਨੇ ਕਿਹਾ ਕਿ ਹਿੰਦੂ ਸਮਾਜ ਨੂੰ ਪਹਿਲਾਂ ਹੀ ਪੰਜਾਬ ਵਿਚ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਕਾਰਨ ਹਿੰਦੂ ਸਮਾਜ ਵਿਚ ਰੋਸ ਵੱਧਦਾ ਜਾ ਰਿਹਾ ਹੈ।
ਹਾਲ ਵਿਚ ਹੋਈ ਮਾਨਾਂਵਾਲਾ ਵਿਚ ਹੋਈ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਹਿੰਦੂ ਸਮਾਜ ਦੇ ਖਿਲਾਫ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਦਰਅਸਲ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਇਕ ਟਵੀਟ ਵਿਚ ਸਰਕਾਰ ਦੇ ਖਿਲਾਫ਼ ਸਿਆਸੀ ਰੰਗਤ ਵਾਲੇ ਉਦੇਸ਼ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਮੋਦੀ ਸਰਕਾਰ ਦਾ ਰਵੱਈਆ ਇਸ ਤਰ੍ਹਾਂ ਦਾ ਹੀ ਰਿਹਾ ਤਾਂ ਲੋਕਾਂ ਨੂੰ ਕਾਲੀ ਦਿਵਾਲੀ ਮਨਾਉਣੀ ਚਾਹੀਦੀ ਹੈ। ਹਿੰਦੂ ਸੰਗਠਨਾਂ ਨੇ ਸੁਖਪਾਲ ਖਹਿਰਾ ਤੋਂ ਸਵਾਲ ਪੁੱਛਿਆ ਕਿ ਜਦੋਂ ਵੀ ਹਿੰਦੂ ਸਮਾਜ ਦਾ ਕੋਈ ਤਿਉਹਾਰ ਆਉਂਦਾ ਹੈ ਤਾਂ ਉਸ ਨੂੰ ਨਕਾਰਾਤਮਕ ਸੰਦੇਸ਼ ਵਜੋਂ ਕਿਉਂ ਪ੍ਰਸਾਰਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਾਰਤੀ ਅਨਸਰ ਜਿਹੜੇ ਹਿੰਦੂ ਸਮਾਜ ਦੇ ਖਿਲਾਫ ਸਾਜਿਸ਼ਾਂ ਰਚਣ ਵਾਲਿਆਂ ਦਾ ਸਾਥ ਦਿੰਦੇ ਹਨ ਉਨ੍ਹਾਂ ‘ਤੇ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ। ਸੰਗਠਨਾਂ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਸੁਖਪਾਲ ਖਹਿਰਾ ਦੀ ਦਿਵਾਲੀ ਨਾਲ ਸਬੰਧਿਤ ਬਿਆਨਬਾਜੀ ਪੂਰੀ ਤਰ੍ਹਾਂ ਗਲਤ ਹੈ। -ਫੋਟੋ ਨਾਲ ਨੱਥੀ ਵਿਧਾਇਕ ਸੁਖਪਾਲ ਸਿੰਘ ਖਹਿਰਾ