ਨੂਰਮਹਿਲ    ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਦਿੱਲੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਪਿੰਡ ਉਪਲ ਖਾਲਸਾ ਤੋਂ ਸ਼ੁਰੂ ਹੋ ਕੇ ਪਿੰਡ ਉਪਲ ਜਗੀਰ,ਨੱਤ, ਪੰਡੋਰੀ ਜਗੀਰ,ਸੰਘੇ ਖਾਲਸਾ, ਸਿੱਧਵਾਂ ਸਟੇਸ਼ਨ, ਨਵਾਂ ਪਿੰਡ,ਆਧੀ ਖੂਹੀ, ਲਿੱਤਰਾਂ,ਸੰਘੇ ਜਗੀਰ, ਸ਼ੇਖਾਂ, ਸਰੀਂਹ,ਭੰਡਾਲਾ,ਚੂਹੇਕੀ,ਬੈਨਾਪੁਰ, ਪੱਬਵਾਂ,ਜਾਗੋ ਸੰਘਾ,ਸਿਧਮ ਮੁਸਤੱਦੀ, ਚੀਮਾਂ ਕਲਾਂ, ਚੀਮਾਂ ਖੁਰਦ ਤੋਂ ਹੁੰਦਾ ਹੋਇਆ ਨੂਰਮਹਿਲ ਮੰਡੀ ਚ ਸਮਾਪਤ ਹੋਇਆ। ਪਿੰਡਾਂ ਵਿਚ ਟਰੈਕਟਰ ਮਾਰਚ ਕਰਕੇ ਦਿੱਲੀ ਅੰਦੋਲਨ ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ। ਹਰੇਕ ਪਿੰਡ ਵਲੋਂ ਕਾਫਲੇ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ,ਜ਼ਿਲਾ ਆਗੂ ਮੱਖਣ ਸਿੰਘ ਕੰਦੋਲਾ ਨੇ ਕਿਹਾ ਕਿ ਮੋਦੀ ਸਰਕਾਰ ਢੀਠਪੁਣ ਤੇ ਉਤਰ ਚੁੱਕੀ ਹੈ। ਉਸਨੂੰ ਲੱਗਦਾ ਹੈ ਕਿ ਉਸ ਕੋਲ ਪੂਰਨ ਬਹੁਮਤ ਹੈ।ਇਸ ਲਈ ਉਸਨੂੰ ਲੱਗਦਾ ਕਿ ਉਹ ਜੋ ਚਾਹੇ ਉਹ ਕਰੇਗੀ‌। ਪਰ ਉਸਨੂੰ ਪਤਾ ਹੋਣਾ ਚਾਹੀਦਾ ਆ ਕਿ ਲੋਕਾਂ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ। ਲੋਕਾਂ ਨਾਲ ਹੀ ਜਮਹੂਰੀਅਤ ਤੇ ਲੋਕਾਂ ਨਾਲ ਹੀ ਲੋਕਤੰਤਰ ਹੁੰਦਾ ਹੈ।

ਇਸ ਮੌਕੇ ਯੂਥ ਵਿੰਗ ਦੇ ਕਨਵੀਨਰ ਤਰਪਰੀਤ ਸਿੰਘ ਉੱਪਲ ਅਤੇ ਕੋ ਕਨਵੀਨਰ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਅੱਜ ਟਰੈਕਟਰ ਮਾਰਚ ਚ ਨੌਜਵਾਨਾਂ ਵਲੋਂ ਵੱਡੀ ਗਿਣਤੀ ਚ‌ ਸ਼ਮੂਲੀਅਤ ਕੀਤੀ ਗਈ। ਹਰ ਪਿੰਡ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।ਹਰ ਪਿੰਡ ਵਲੋਂ ਪਾਣੀ,ਚਾਹ ਦੇ ਲੰਗਰ ਵੀ ਲਾਏ ਗਏ।ਇਹ ਅੰਦੋਲਨ ਹਰ ਘਰ ਦਾ ਹਰ ਵਿਅਕਤੀ ਦਾ ਬਣ ਚੁੱਕਾ ਹੈ। ਕਾਨੂੰਨ ਵਾਪਸ ਲੈਣਾ ਹੀ ਮੋਦੀ ਲਈ ਚੰਗਾ ਰਹੇਗਾ ਨਹੀਂ ਤਾਂ ਇਹ ਅੰਦੋਲਨ ਉਸਦੀ ਹੋਂਦ ਲਈ ਖਤਰਾ ਬਣ ਜਾਵੇ ਗਾ।ਇਹ ਵੀ ਐਲਾਨ ਕੀਤਾ ਗਿਆ ਕਿ ਹਰ ਹਫ਼ਤੇ ਨੂਰਮਹਿਲ ਤੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਬੱਸ ਦਿੱਲੀ ਨੂੰ ਰਵਾਨਾ ਹੋਇਆ ਕਰੇਗੀ।
ਇਸ ਮੌਕੇ ਗੁਰਨਾਮ ਸਿੰਘ ਤੱਗੜ, ਹਰਦੀਪ ਸਿੰਘ, ਬਲਜੀਤ ਸਿੰਘ, ਸੁਰਜੀਤ ਸਿੰਘ ਸਮਰਾ,ਬੀਤਾ ਉਪਲ ਆਂਦਿ ਨੇ ਸੰਬੋਧਨ ਕੀਤਾ।