ਫਗਵਾੜਾ 11 ਦਸੰਬਰ (ਸ਼ਿਵ ਕੋੜਾ) ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰ.ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਬਹੁਮਤ ਵਾਲੀ ਕੇਂਦਰ ਸਰਕਾਰ ਖੇਤੀਬਾੜੀ ਤੇ ਕਿਸਾਨੀ ਮੁੱਦਿਆਂ ਪ੍ਰਤੀ ਜਾਗਰੂਕ ਨਹੀਂ ਹੈ, ਜਿਸ ਕਰਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਲਗਾਤਾਰ ਟਕਰਾਅ ਬਣਿਆ ਹੋਇਆ ਹੈ। ਅੱਜ ਇਥੋਂ ਜਾਰੀ ਇਕ ਬਿਆਨ ਵਿੱਚ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਮੋਦੀ ਸਰਕਾਰ ਵਿੱਚ 60 ਪ੍ਰਤੀਸ਼ਤ ਤੋਂ ਜ਼ਿਆਦਾ ਮੰਤਰੀ ਖੇਤੀਬਾੜੀ ਤੇ ਇਸ ਨਾਲ ਜੁੜੇ ਹੋਰ ਸਹਾਇਕ ਧੰਦਿਆਂ ਨਾਲ ਕੋਈ ਸਬੰਧ ਨਹੀਂ ਰੱਖਦੇ। ਬਹੁਤ ਸਾਰੇ ਤਾਂ ਕਣਕ ਅਤੇ ਝੋਨੇ ਵਿੱਚ ਫ਼ਰਕ ਵੀ ਨਹੀਂ ਕਰ ਸਕਦੇ, ਜਿਸ ਕਰਕੇ ਇਨਾਂ ਪਾਸੋਂ ਕਿਸਾਨਾਂ ਦੀ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਕਿਸਾਨਾਂ ਦੇ ਮਸਲਿਆਂ ਪ੍ਰਤੀ ਪੂਰੀ ਤਰਾਂ ਜਾਣੂ ਨਹੀਂ ਹਨ, ਇਸ ਲਈ ਉਹ ਨਹੀਂ ਸਮਝ ਪਾ ਰਹੇ ਕਿ ਕਿਸਾਨ ਇਨਾਂ ਬਿਲਾਂ ਦਾ ਵਿਰੋਧ ਕਿਉਂ ਕਰ ਰਹੇ ਹਨ। ਚੇਅਰਮੈਨ ਪੰਜਾਬ ਐਗਰੋ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਵਲੋਂ ਕਿਸਾਨਾਂ ਦੇ ਮੁੱਦਿਆਂ ਪ੍ਰਤੀ ਜਾਣੂ ਨਾ ਹੋਣ ਕਰਕੇ ਹੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿੱਚ ਆਪਸੀ ਮਤਭੇਦ ਬਣੇ ਹੋਏ ਹਨ। ਜੇਕਰ ਕੇਂਦਰੀ ਮੰਤਰੀ ਖੇਤੀਬਾੜੀ ਅਤੇ ਕਿਸਾਨੀ ਪ੍ਰਤੀ ਸੰਵੇਦਨਸ਼ੀਲ ਹੁੰਦੇ ਤਾਂ ਉਹ ਸਮਝ ਸਕਦੇ ਸੀ ਕਿ ਪਾਸ ਕੀਤੇ ਗਏ ਤਿੰਨ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਸਰਕਾਰ ਵਲੋਂ ਅਪਣਾਏ ਗਏ ਇਸ ਰਵੱਈਏ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਅਤੇ ਸਰਕਾਰ ਪਾਸੋਂ ਕਿਸੇ ਤਰਾਂ ਦੀ ਹਮਦਰਦੀ ਜਾਂ ਸੰਵੇਨਸ਼ੀਲਤਾ ਦੀ ਆਸ ਦਿਖਾਈ ਨਹੀਂ ਦੇ ਰਹੀ । ਉਨਾਂ ਕਿਹਾ ਕਿ ਕਿਸਾਨ ਵਿਰੋਧੀ ਇਨਾਂ ਕਾਨੂੰਨਾਂ ਨੂੰ ਜਲਦ ਵਾਪਿਸ ਲੈਣ ਦੀ ਲੋੜ ਹੈ। ਸਾਬਕਾ ਮੰਤਰੀ ਨੇ ਦੁਹਰਾਇਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਹੀ ਸੂਬੇ ਅਤੇ ਖਾਸ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਸਹੀ ਅਰਥਾਂ ਵਿੱਚ ਰੱਖਿਆ ਕਰ ਸਕਦੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਡੱਟ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵਰਗਾ ਸੱਚਾ ਦੇਸ਼ ਭਗਤ ਅਤੇ ਬਹਾਦਰ ਆਗੂ ਹੀ ਦੇਸ਼ ਦੇ ਅੰਨਦਾਤਾ ਦੇ ਹੱਕ ਵਿੱਚ ਖੜਨ ਦਾ ਹੌਸਲਾ ਵਿਖਾ ਸਕਦਾ ਹੈ।