ਫਗਵਾੜਾ, 3 ਫਰਵਰੀ (ਸ਼ਿਵ ਕੋੜਾ) ਫਗਵਾੜਾ ਦੀਆਂ ਲੋਕਪੱਖੀ ਜਨਤਿਕ ਜਥੇਬੰਦੀਆਂ ਸਕੇਪ ਸਹਿਤਕ ਸੰਸਥਾ, ਟੈਕਨੀਕਲ ਸਰਵਿਸਿਜ਼ ਯੂਨੀਅਨ, ਅਧਿਆਪਕ ਜਥੇਬੰਦੀਆਂ, ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਬੁਧੀਜੀਵੀਆਂ ਨੇ ਦੇਸ਼ ਦੇ ਸੰਯੁਕਤ ਕਿਸਾਨ ਮੋਰਚਾ ਵਲੋਂ 6 ਫਰਵਰੀ ਨੂੰ ਪੂਰੇ ਭਾਰਤ ਵਿੱਚ ਸੜਕਾਂ ਜਾਮ ਕਰਨ ਦੇ ਫੈਸਲੇ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਉਪਰੋਕਤ ਸੰਸਥਾਵਾਂ ਨੇ ਸਭ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ , ਸਾਹਿਤਕਾਰਾਂ ਅਤੇ ਬੁਧੀਜੀਵੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਕਿਉਂਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲ਼ੇ ਕਾਨੂੰਨ ਲਾਗੂ ਹੋ ਜਾਣ ਨਾਲ ਸਭ ਦੁਕਾਨਦਾਰ ਬੇਰੁਜ਼ਗਾਰ ਹੋ ਜਾਣਗੇ, ਸਰਕਾਰੀ ਮਹਿਕਮੇ ਖਤਮ ਹੋ ਜਾਣਗੇ, ਆੜਤੀਆਂ ਦਾ ਕਾਰੋਬਾਰ ਬੰਦ ਹੋ ਜਾਵੇਗਾ। ਇਸ ਕਰਕੇ ਇਸ ਲੋਕ ਅੰਦੋਲਨ ਦੀ ਸਫਲਤਾ ਨਾਲ ਸਭ ਕਿਰਤੀ ਲੋਕਾਂ ਦੀ ਹੋਣੀ ਜੁੜੀ ਹੋਈ ਹੈ। ਉਹਨਾ ਸੱਦਾ ਦਿੱਤਾ ਕਿ ਆਓ ਇਸ ਨੂੰ ਅੰਦੋਲਨ ਨੂੰ ਕਾਮਯਾਬ ਬਣਾ ਕੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣਾ ਯੋਗਦਾਨ ਪਾਈਏ।ਇਹ ਅਪੀਲ ਜਾਰੀ ਕਰਨ ਵਾਲਿਆਂ ਵਿੱਚ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਜੋਗਾ ਸਿੰਘ, ਸੁਖਦੇਵ ਫਗਵਾੜਾ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਸਾਧੂ ਸਿੰਘ ਅਬਿਨਾਸ ਹਰਦਾਸਪੁਰ , ਕੁਲਦੀਪ ਸਿੰਘ ਅਤੇ ਐਸ,ਐਲ ਵਿਰਦੀ ਐਡਵੋਕੇਟ ਆਦਿ ਹਾਜ਼ਰ ਸਨ। ਇੰਨ੍ਹਾਂ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਆਲੇ-ਦੁਆਲੇ ਕੰਡਿਆਲੀ ਤਾਰਾਂ ਲਾਉਣ ਅਤੇ ਨੋਕਦਾਰ ਸਰੀਏ ਗੱਡ ਕੇ ਕਿਸਾਨਾਂ ਨੂੰ ਦੂਜੇ ਨੰਬਰ ਦੇ ਸ਼ਹਿਰੀ ਗਰਦਾਨ ਕੇ ਮਾਨੁੱਖੀ ਹੱਕਾਂ ਦਾ ਘਾਣ ਕਰਨ ਦੀ ਸਖ਼ਤ ਅਲੋਚਨਾ ਕਰਦਿਆਂ ਇਸ ਗੈਰ ਮਨੁੱਖੀ ਰੋਕਾਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।