ਕਰਤਾਰਪੁਰ: ਵੱਖ-ਵੱਖ ਪਿੰਡਾਂ ਤੋਂ ਜੁੜੇ ਕਿਸਾਨਾਂ ਮਜ਼ਦੂਰਾਂ ਦੇ ਨੁਮਾਇੰਦਿਆਂ ਵਲੋਂ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਸਾਂਝੀ ਮੀਟਿੰਗ ਕਰਕੇ ਵਿਚਾਰ ਵਿਟਾਂਦਰੇ ਉਪਰੰਤ 30 ਅਪ੍ਰੈਲ ਨੂੰ ਇਕੱਠੇ ਹੋ ਕੇ ਪਿੰਡਾਂ ਵਿੱਚ ਏਕਤਾ ਮਾਰਚ ਕਰਕੇ ਖੇਤੀ, ਅਨਾਜ ਅਤੇੇ ਭੋਜਨ ਸੁਰੱਖਿਆ ਵਿਰੋਧੀ ਕਾਨੂੰਨ ਰੱਦ ਕਰਵਾਉਣ, ਸਾਰੀਆਂ ਫ਼ਸਲਾਂ ਲਈ ਗਾਰੰਟੀ ਦਾ ਕਾਨੂੰਨ ਬਣਵਾਉਣ,ਬਿਜਲੀ ਸੋਧ ਐਕਟ 2020 ਰੱਦ ਕਰਵਾਉਣ ਆਦਿ ਲਈ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਦਿੱਲੀ ਚੱਲੋ ਦਾ ਸੱਦਾ ਦੇਣ ਦਾ ਐਲਾਨ ਕੀਤਾ ਗਿਆ। 30 ਅਪ੍ਰੈਲ ਨੂੰ ਸਵੇਰੇ 9 ਵਜੇ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਕਿਸਾਨ ਮਜ਼ਦੂਰ ਇਕੱਠੇ ਹੋਣ ਉਪਰੰਤ ਏਕਤਾ ਮਾਰਚ ਦੀ ਸ਼ੁਰੂਆਤ ਕਰਨਗੇ।ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸੰਤੋਖ ਸਿੰਘ ਸੰਧੂ ਵਿਸ਼ੇਸ਼ ਤੌਰ ਉੱਤੇ ਪੁੱਜਣਗੇ।ਮਾਰਚ ਦੀ ਤਿਆਰੀ ਲਈ ਪਿੰਡਾਂ ਅੰਦਰ ਕਿਸਾਨਾਂ ਮਜ਼ਦੂਰਾਂ ਦੇ ਸਾਂਝੇ ਇਕੱਠ ਕਰਨ ਦਾ ਫੈਸਲਾ ਵੀ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਵਲੋਂ ਕਰੋਨਾ ਦੀ ਆੜ ਹੇਠ ਕਰਫ਼ਿਊ,ਲਾਕਡਾਊਨ ਤਹਿਤ ਲੋਕਾਂ ਨੂੰ ਘਰਾਂ ਵਿੱਚ ਕੈਦ ਕਰਕੇ ਜਲ,ਜੰਗਲ, ਜ਼ਮੀਨ ਅਤੇ ਹੋਰ ਖਣਿਜ ਪਦਾਰਥ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਲੋਕ ਵਿਰੋਧੀ ਖੇਤੀ, ਅਨਾਜ ਅਤੇੇ ਭੋਜਨ ਸੁਰੱਖਿਆ ਵਿਰੋਧੀ ਕਾਨੂੰਨ,ਬਿਜਲੀ ਸੋਧ ਐਕਟ 2020,ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਗਈਆਂ।ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਨਵੰਬਰ 2020 ਤੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਦਿੱਲੀ ਦੇ ਬਾਰਡਰਾਂ ਨੂੰ ਘੇਰ ਕੇ ਜਨ ਅੰਦੋਲਨ ਚਲਾਇਆ ਜਾ ਰਿਹਾ ਲੇਕਿਨ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਦੀ ਥਾਂ ਅੰਦੋਲਨ ਨੂੰ ਕੁਚਲਣ ਲਈ ਧਮਕੀਆਂ ਦੇ ਰਹੀ ਹੈ। ਜਿਸਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਢਾਹ ਲਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜ ਚੁੱਕੀ ਹੈ ਜਿਸਨੂੰ ਅੰਦੋਲਨਕਾਰੀਆਂ ਨੇ ਅਸਫ਼ਲ ਬਣਾਇਆ। ਪੰਜਾਬ ਅੰਦਰ ਦਲਿਤ ਬਨਾਮ ਗੈਰ ਦਲਿਤ ਦਾ ਪੱਤਾ ਖੇਡ ਕੇ ਫ਼ਿਰਕੂ ਵੰਡੀਆਂ ਪਾਉਣ ਦੀ ਚਾਲ ਨੂੰ ਵੀ ਕਿਸਾਨਾਂ ਮਜ਼ਦੂਰਾਂ ਖਾਸਕਰ ਦਲਿਤਾਂ ਵਲੋਂ ਅਸਫ਼ਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਕਾਲੇ ਕਾਨੂੰਨ ਜਿੱਥੇ ਕਿਸਾਨਾਂ ਨੂੰ ਉਜਾੜਨ ਵਾਲੇ ਹਨ, ਉੱਥੇ ਮਜ਼ਦੂਰਾਂ ਬੇਰੁਜ਼ਗਾਰ ਕਰਨਗੇ, ਸਰਕਾਰੀ ਖ਼ਰੀਦ ਖ਼ਤਮ ਹੋਣ ਨਾਲ ਸਰਕਾਰੀ ਰਾਸ਼ਨ ਡੀਪੂ ਬੰਦ ਹੋਣਗੇ ਤੇ ਮਜ਼ਦੂਰਾਂ ਤੇ ਹੋਰ ਗਰੀਬ ਲੋਕਾਂ ਨੂੰ ਮਿਲਦਾ ਰਾਸ਼ਨ ਵੀ ਬੰਦ ਹੋਵੇਗਾ। ਜਿੱਥੇ ਮੋਟਰਾਂ ਦੇ ਬਿੱਲ ਲੱਗਣਗੇ ਉੱਥੇ ਬੇਜ਼ਮੀਨੇ ਲੋਕਾਂ ਘਰੇਲੂ ਬਿਜਲੀ ਬਿੱਲ ਮੁਆਫ਼ੀ ਦੀ ਸਹੂਲਤ ਵੀ ਖੁੱਸੇਗੀ। ਕਾਰਪੋਰੇਟ ਘਰਾਣਿਆਂ ਵਲੋਂ ਜਮਾਂਖੋਰੀ ਕਰਨ ਨਾਲ ਮਹਿੰਗਾਈ ਹੋਰ ਵਧਣ ਕਰਕੇ ਆਮ ਵਸਤਾਂ ਲੋਕਾਂ ਦੀ ਖਰੀਦ ਤੋਂ ਬਾਹਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਨੂੰ ਚੱਲ ਰਹੇ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਪੂਰਾ ਤਾਣ ਲਗਾਉਣਾ ਹੋਵੇਗਾ।ਇਹ ਸੁਨੇਹਾ ਦੇਣ ਲਈ ਪਿੰਡ ਪਿੰਡ ਕਿਸਾਨਾਂ ਮਜ਼ਦੂਰਾਂ ਨੂੰ ਸਾਂਝੇ ਇਕੱਠ ਕਰਕੇ ਲਾਮਬੰਦ ਕੀਤਾ ਜਾਵੇਗਾ ਅਤੇ ਦਿੱਲੀ ਮੋਰਚੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਜਾਵੇਗਾ। ਆਗੂਆਂ ਨੇ ਮਾਰਚ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਹਰ ਪੱਖੋਂ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਮੀਟਿੰਗ ਵਿੱਚ ਕਿਸਾਨ ਆਗੂ ਜਗਰੂਪ ਸਿੰਘ, ਬਚਿੱਤਰ ਸਿੰਘ ਦਿਆਲਪੁਰ,ਗੁਰਦੇਵ ਸਿੰਘ ਕਾਲਾਖੇੜਾ,ਗੁਰਦਿਆਲ ਸਿੰਘ ਧੀਰਪੁਰ,ਮੇਜਰ ਸਿੰਘ,ਬੀਬੀ ਗੁਰਮੀਤ ਕੌਰ, ਗੁਰਪ੍ਰੀਤ ਸਿੰਘ ਚੀਦਾ,ਪੇਂਡੂ ਮਜ਼ਦੂਰ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਬਲਵਿੰਦਰ ਕੌਰ ਦਿਆਲਪੁਰ, ਸੁਖਵਿੰਦਰ ਸਿੰਘ ਅਤੇ ਨੌਜਵਾਨ ਆਗੂ ਵੀਰ ਕੁਮਾਰ ਆਦਿ ਹਾਜ਼ਰ ਸਨ।