ਕਰਤਾਰਪੁਰ,2 ਜੂਨ ( ਨਿਤਿਨ ਕੌੜਾ  )- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਇਲਾਕੇ ਅੰਦਰ ਪੇਂਡੂ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀ ਮੁਹਿੰਮ ਦੀ ਪਿੰਡ ਬੂਲਾ ਤੋਂ ਸ਼ੁਰੁਆਤ ਕਰਦਿਆਂ 13 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।ਹੋਈ ਚੋਣ ਵਿੱਚ ਸੁਰਜੀਤ ਭੁੱਲਰ ਨੂੰ ਪ੍ਰਧਾਨ,ਹੈਪੀ ਤੇ ਗੁਰਦੇਵ ਸਿੰਘ ਮੀਤ ਪ੍ਰਧਾਨ, ਮਨਪ੍ਰੀਤ ਮਨੂੰ ਸਕੱਤਰ ਅਤੇ ਬਲਜੀਤ ਸਿੰਘ ਖਜ਼ਾਨਚੀ ਚੁਣੇ ਗਏ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੋਸ਼ ਲਗਾਇਆ ਕਿ ਹਰ ਰੰਗ ਦੀਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਤੇ ਜਗੀਰਦਾਰਾਂ ਪੱਖੀ ਸਰਕਾਰਾਂ ਸਾਬਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਲੋਕਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਕੇ ਕਾਰਪੋਰੇਟ ਘਰਾਣਿਆਂ ਪੱਖੀ ਤੇ ਲੋਕ ਵਿਰੋਧੀ ਖੇਤੀ, ਅਨਾਜ, ਭੋਜਨ ਸੁਰੱਖਿਆ ਵਿਰੋਧੀ ਕਾਨੂੰਨ ਤੇ ਬਿਜਲੀ ਸੋਧ ਕਾਨੂੰਨ 2020 ਪਾਸ ਕੀਤੇ ਗਏ ਅਤੇੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਲਾਕਡਾਊਨ, ਕਰਫ਼ਿਊ ਤਹਿਤ ਮੜੀਆਂ ਪਾਬੰਦੀਆਂ ਨੇ ਪਹਿਲਾਂ ਹੀ ਸਾਰੇ ਕੰਮ ਧੰਦੇ ਚੌਪਟ ਕਰ ਦਿੱਤੇ।ਜਿਸ ਨੇ ਮਜ਼ਦੂਰਾਂ ਨੂੰ ਭੁੱਖਮਰੀ ਦੀ ਕਗਾਰ ਉੱਤੇ ਪਹੁੰਚਾ ਦਿੱਤਾ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਤਹਿਤ ਕਾਰਪੋਰੇਟ ਅਤੇ ਵਿਦੇਸ਼ੀ ਕੰਪਨੀਆਂ ਖੇਤੀ ਅਤੇ ਖੇਤੀ ਦੇ ਬਾਜ਼ਾਰ ਵਿੱਚ ਵੀ ਆਪਣਾ ਕਬਜ਼ਾ ਕਰਨਾ ਚਾਹੁੰਦੀਆਂ ਹਨ।ਇਸ ਤਹਿਤ ਹੀ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਜਾਣਗੀਆਂ ਅਤੇ ਕਿਸਾਨਾਂ ਤੋਂ ਸਸਤੇ ਭਾਅ ਫਸਲਾਂ ਖਰੀਦ ਕੇ ਅੱਗੇ ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਮਹਿੰਗੇ ਭਾਅ ਵੇਚਣਗੀਆਂ। ਬੇਰੁਜ਼ਗਾਰੀ ਤੇ ਮਹਿੰਗਾਈ ਹੋਰ ਵਧੇਗੀ।
ਮਜ਼ਦੂਰਾਂ ਦੇ ਘਰਾਂ ਦੀ ਬਿਜਲੀ ਮੁਆਫ਼ੀ ਦੀ ਸਹੂਲਤ ਬੰਦ ਹੋਵੇਗੀ, ਜਮਾਂਖੋਰੀ ਦਾ ਕਾਰਪੋਰੇਟ ਨੂੰ ਅਧਿਕਾਰ ਮਿਲਣ ਨਾਲ ਸਰਕਾਰੀ ਰਾਸ਼ਨ ਡੀਪੂਆਂ ਤੋਂ ਮਿਲਦਾ ਸਸਤਾ ਰਾਸ਼ਨ ਵੀ ਬੰਦ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਿਹਾ ਅੰਦੋਲਨ ਇਕੱਲਾ ਕਿਸਾਨਾਂ ਦਾ ਨਾ ਹੋ ਕੇ ਸਮੁੱਚੀ ਲੋਕਾਈ ਦਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਜੇਤੂ ਬਣਾਉਣ ਲਈ ਪੂਰਾ ਸਹਿਯੋਗ ਦੇਣਾ ਹੋਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਹੋਰਨਾਂ ਹਾਕਮ ਜਮਾਤਾਂ ਦੀਆਂ ਪਾਰਟੀਆਂ ਵਾਂਗ ਹੀ ਕਾਂਗਰਸ, ਅਕਾਲੀ ਵੀ ਨਹੀਂ ਚਾਹੁੰਦੀਆਂ ਕਿ ਇਹ ਅੰਦੋਲਨ ਜੇਤੂ ਹੋ ਜਾਵੇ,ਇਸ ਕਾਰਨ ਹੀ ਭਾਜਪਾ ਵਾਂਗ ਇਹਨਾਂ ਪਾਰਟੀਆਂ ਦੇ ਆਗੂ ਮਜ਼ਦੂਰਾਂ ਨੂੰ ਇੱਕ ਦੂਜੇ ਨਾਲ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਆਪਸ ਵਿੱਚ ਲੜਾਉਣ ਲਈ ਕੋਝੇ ਯਤਨ ਕਰ ਰਹੇ ਹਨ।ਇਹੀ ਕੁੱਝ ਪਿੰਡ ਬੂਲਾ ਵਿਖੇ ਵੀ ਹੋ ਰਿਹਾ।ਇਸ ਮਸਲੇ ਵਿੱਚ ਉਕਤ ਅਕਾਲੀ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਕਰਤਾਰਪੁਰ ਪੁਲਿਸ ਨੂੰ ਵੀ ਹਥਿਆਰ ਦੇ ਤੌਰ ਵਰਤਿਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਿਆਸੀ ਆਗੂਆਂ ਅਤੇ ਪੁਲਿਸ ਨੇ ਯੂਨੀਅਨ ਵਰਕਰਾਂ ਨਾਲ ਕੋਈ ਧੱਕਾ ਕੀਤਾ ਤਾਂ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ।