ਫਗਵਾੜਾ 25 ਮਈ (ਸ਼ਿਵ ਕੋੜਾ) ਦਿਲੀ ਬਾਰਡਰ ਤੇ ਆਪਣੀ ਹੱਕੀ ਮੰਗਾ ਨੂੰ ਲੈ ਕੇ ਬੈਠੇ ਕਿਸਾਨਾਂ ਨੂੰ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਅਤੇ ਉਨ੍ਹਾਂ ਦੇ ਚਮਚਿਆ ਦੇ ਤਸ਼ੱਦਦ ਸਹਿੰਦਿਆਂ ਨੂੰ 6 ਮਹੀਨੇ ਪੂਰੇ ਹੋ ਗਏ ਹਨ ਅਤੇ ਕੇਂਦਰ ਦੀਆਂ ਤਮਾਮ ਚਾਲਾ ਦੇ ਬਾਵਜੂਦ ਵੀ ਕਿਸਾਨਾਂ ਨੇ ਸਿਦਕ ਨਹੀਂ ਹਾਰਿਆ ਅਤੇ ਅੰਦੋਲਨ ਨੂੰ ਚੜ੍ਹਦੀ ਕਲਾਂ ਵਿਚ ਰੱਖਿਆ ਹੈ। ਉਕਤ ਵਿਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ, ਪੰਜਾਬੀ ਅਤੇ ਕਿਸਾਨੀ ਦੇ ਮੁੱਦੇ ਤੇ ਡੱਟ ਕਿ ਖੜਾਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੁਪਰੀਮੋ ਸ. ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ ਕਿ ਮੋਰਚੇ ਦੀ ਚੜ੍ਹਦੀ ਕਲਾਂ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਜਬਰ ਦੇ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਸਾਰੇ ਅਕਾਲੀ ਵਰਕਰ 26 ਮਈ ਨੂੰ ਕਾਲੇ ਝੰਡੇ ਲਹਿਰਾਉਣਗੇ। ਸ.ਖੁਰਾਣਾ ਨੇ ਸਮੂਹ ਅਕਾਲੀ ਆਗੂਆ, ਵਰਕਰਾਂ ਅਤੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਘਰਾਂ ਦਫ਼ਤਰਾਂ ਅਤੇ ਦੁਕਾਨਾਂ ਉੱਤੇ ਕਾਲੇ ਝੰਡੇ ਲੱਗਾ ਕੇ ਕੇਂਦਰ ਦੀ ਜਾਬਰ ਹਕੂਮਤ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰੋ ਅਤੇ ਕਿਸਾਨ ਭਰਾਵਾਂ ਨਾਲ ਆਪਣਾ ਸਮਰਥਨ ਦਾ ਪ੍ਰਗਟਾਵਾ ਕਰੋਂ। ਖੁਰਾਣਾ ਨੇ ਕਿਹਾ ਮੋਦੀ ਸਰਕਾਰ ਕਿਸਾਨਾਂ ਨੂੰ ਲੈ ਕੇ ਸੁਹਿਰਦ ਨਹੀਂ ਹੈ। ਇਸੇ ਲਈ ਲਗਭਗ ਇੱਕ ਦਰਜਨ ਮੀਟਿੰਗ ਦਾ ਡਰਾਮਾ ਕਰ ਕੇ ਭਾਜਪਾ ਸਰਕਾਰ ਕਿਸਾਨਾਂ ਨਾਲ ਸਾਜ਼ਿਸ਼ਾਂ ਕਰਦੀ ਰਹੀ। ਕੇਂਦਰ ਨੇ 26 ਜਨਵਰੀ ਦੀ ਆੜ ਵਿਚ ਅਤੇ ਅਲੱਗ ਅਲੱਗ ਸਮੇਂ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਘੜੀਆਂ ਪਰ ਕਾਮਯਾਬੀ ਨਹੀਂ ਮਿਲੀ। ਖੁਰਾਣਾ ਨੇ ਕਿਹਾ ਮੋਦੀ ਸਰਕਾਰ ਸਿਰਫ਼ ਆਪਣੇ ਪੂੰਜੀਪਤੀ ਦੋਸਤਾਂ ਦੀ ਪੁਸ਼ਤ ਪਨਾਹੀ ਲਈ ਕਿਸਾਨਾਂ ਦੀ ਅਣਦੇਖੀ ਕਰ ਰਹੇ ਹਨ ਅਤੇ ਦੂਜੇ ਪਾਸੇ ਕਿਸਾਨਾਂ ਦੇ ਖਾਤੇ ਵਿਚ 2 -2 ਹਜ਼ਾਰ ਪਾਕੇ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੀ ਹੈ। ਖੁਰਾਣਾ ਨੇ ਕਿਹਾ ਕਿ 2022 ਨੇੜੇ ਹੈ ਅਤੇ ਜੇ ਕਿਸਾਨ ਅੰਦੋਲਨ ਦਾ ਕੋਈ ਹੱਲ ਨਹੀਂ ਹੋਇਆ ਤਾਂ ਭਾਜਪਾ ਦਾ ਬੰਗਾਲ ਦੀ ਤਰਜ਼ ਤੇ ਪੰਜਾਬ ਵਿਚ ਵੀ ਸੁਪੜਾ ਸਾਫ਼ ਹੋ
ਜਾਵੇਗਾ।