ਫਗਵਾੜਾ,15 ਫਰਵਰੀ (ਸ਼ਿਵ ਕੋੜਾ) ਪੰਜਾਬੀ ਕਲਾ ਅਤੇ ਸਾਹਿੱਤ ਕੇਂਦਰ, ਸੰਗੀਤ ਦਰਪਨ, ਪੰਜਾਬੀ ਵਿਰਸਾ ਟਰੱਸਟ ਅਤੇ ਸਕੇਪ ਸਾਹਿੱਤਕ ਸੰਸਥਾ ਵਲੋਂ ਪੱਤਰਕਾਰ ਅਤੇ ਲੇਖਕ ਭਾਈਚਾਰੇ ਅਤੇ ਵਪਾਰਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਮਾਂ-ਬੋਲੀ ਦਿਵਸ ਦੇ ਮੌਕੇ ‘ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਪੰਜਾਬੀ ਮਾਰਚ, 20 ਮਾਰਚ ਨੂੰ ਫਗਵਾੜਾ ਵਿਖੇ ਸ਼ਹਿਰ ਦੇ ਵੱਖੋ-ਵੱਖਰੇ ਥਾਵਾਂ ਤੇ ਲਿਜਾਇਆ ਜਾਏਗਾ। ਮਾਂ-ਬੋਲੀ ਪੰਜਾਬੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ, ਪੰਜਾਬੀ ਨੂੰ ਪੰਜਾਬ ਦੇ ਦਫ਼ਤਰਾਂ, ਅਦਾਲਤਾਂ, ਪਬਲਿਕ ਸਕੂਲਾਂ ਅਤੇ ਕਾਰੋਬਾਰੀ ਸੰਸਥਾਵਾਂ ਵਿੱਚ ਢੁੱਕਵਾਂ ਥਾਂ ਦਿਵਾਉਣ ਲਈ ਇਹ ਮਾਰਚ ਹਰ ਸਾਲ ਕੱਢਿਆ ਜਾਂਦਾ ਹੈ। 20 ਮਾਰਚ ਨੂੰ ਇਹ ਮਾਰਚ ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਦੇ ਸਾਹਮਣਿਉਂ ਆਰੰਭ ਹੋਕੇ ਸੈਂਟਰ ਟਾਊਨ, ਲੋਹਾ ਮੰਡੀ, ਗਾਂਧੀ ਚੌਕ, ਝਟਕਈ ਚੌਕ, ਛੱਤੀ ਖੂਹੀ, ਬਜ਼ਾਰ ਬਾਂਸਾਂ, ਕਾਰ ਪਾਰਕਿੰਗ, ਸਰਕਾਰੀ ਸਕੂਲ ਫਾਰ ਗਰਲਜ਼, ਪੁਰਾਣੀ ਦਾਣਾ ਮੰਡੀ ਤੋਂ ਹੁੰਦਾ ਹੋਇਆ ਬਲੱਡ ਬੈਂਕ ਦੇ ਨਜ਼ਦੀਕ ਪਾਰਕ ‘ਚ ਖ਼ਤਮ ਹੋਏਗਾ।