ਜਲੰਧਰ, 6 ਅਗਸਤ ( )- ਅੱਜ ਜਲੰਧਰ-ਪਠਾਨਕੋਟ ਹਾਈਵੇ ਉੱਤੇ ਪਿੰਡ ਬੱਲਾ ਵਿਖੇ ਆਪਣੇ ਆਪ ਨੂੰ ਖੂਹ ਅਤੇ ਕਿਸਾਨਾਂ ਨੂੰ ਪਿਆਸੇ ਦੱਸਣ ਵਾਲੇ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ‌ਵਲੋਂ ਇੱਕ ਕਾਂਗਰਸੀ ਆਗੂ ਦੇ ਘਰ ਪਹੁੰਚਣ ਦੀ ਜਦੋਂ ਕਿਸਾਨ ਜਥੇਬੰਦੀਆਂ ਨੂੰ ‌ਭਿਣਕ ਲੱਗੀ‌ ਤਾਂ ਇਸ ਉੱਤੇ ਉਹਨਾਂ ਨੇ ਸਿੱਧੁ ਦਾ ਹੱਥਾਂ ਵਿੱਚ ਕਾਲੇ ਅਤੇ ਜਥੇਬੰਦੀਆਂ ਦੇ ਝੰਡੇ ਲੈ ਕੇ ਜ਼ੋਰਦਾਰ ਵਿਰੋਧ ਕੀਤਾ। ਇਸ ਮੌਕੇ ਇੱਕ ਪੁਲਿਸ ਅਧਿਕਾਰੀ ਦੀ ਕਿਸਾਨ ਆਗੂਆਂ ਨਾਲ ਤੂੰ ਤੂੰ, ਮੈਂ ਮੈਂ ਵੀ ਹੋਈ। ਇੱਥੇ ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਭਾਜਪਾ ਦੇ ਮੰਤਰੀਆਂ ਸੰਤਰੀਆਂ ਦੇ ਘੇਰਾਓ ਕਰਨ ਅਤੇ ਬਾਕੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਘੇਰ ਕੇ ਉਹਨਾਂ ਨੂੰ ਸਵਾਲ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਇਸ ਮੌਕੇਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਇਕ ਪਾਸੇ ਕਿਸਾਨ ਆਪਣੀ ਜ਼ਮੀਨ ਰੋਜ਼ੀ ਰੋਟੀ ਬਚਾਉਣ ਲਈ ਦਿੱਲੀ ਦੀਆਂ ਸੜਕਾਂ ‘ਤੇ ਆਪਣੀਆਂ ਜਾਨਾਂ ਕੁਰਬਾਨ ਕਰ‌ ਰਹੇ ਹਨ ਤੇ ‌ਦੂਸਰੇ ਪਾਸੇ ਸਿਆਸੀ ਪਾਰਟੀਆਂ ਆਪਣੀ ਵੋਟ ਬੈਂਕ ਦੀ ਰਾਜਨੀਤੀ ਚਮਕਾਉਣ ਲੱਗੀਆਂ ਹੋਈਆਂ ਹਨ। ਉਨਾਂ ਕਿਹਾ ਚਾਰ ਸਾਲ ਬੀਤ‌ ਗਏ ਕੋਈ ਮੰਤਰੀ ਸੰਤਰੀ ‌ਲੋਕਾਂ ਚ ਨਿੱਤਰਿਆ ਨਹੀਂ ਤੇ ਹੁਣ ਵੋਟਾਂ ਆਈਆਂ ਤਾਂ ਮੀਂਹ ਦੇ ਡੱਡੂਆਂ ਵਾਂਗ ਖੂਹਾਂ ਚੋਂ ਨਿਕਲ ਆਏ। ਉਨਾਂ ਕਿਹਾ ਕਿ ਪਹਿਲਾਂ ਦਿੱਲੀ ਮੋਰਚਾ ਜਿਤਾਓ ਇਲੈਕਸ਼ਨ ਬਾਅਦ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਖੂਹ ਅਤੇ ਕਿਸਾਨਾਂ ਨੂੰ ਪਿਆਸੇ ਦੱਸਣ ਵਾਲਾ ਸਿੱਧੂ ਹੰਕਾਰਿਆ ਹੋਇਆ ਊਟ ਪਟਾਂਗ ਬੋਲ ਰਿਹਾ। ਉਨ੍ਹਾਂ ਕਿਹਾ ਕਿ ਆਪਣੇ ਕਾਰਜ਼ਕਾਲ ਦੌਰਾਨ ਅਸਫ਼ਲ ਰਹਿਣ ਮਗਰੋਂ ਹੁਣ ਫਿਰ ਨਵੇਂ ਸਬਜ਼ਬਾਗ ਵਿਖਾਉਣ ਦੇ ਰਾਹ ਪੈ ਗਏ ਹਨ।ਲੋਕ ਮੂਰਖ਼ ਨਹੀਂ ਬਣਨ ਦੀ ਬਜਾਏ ਦਿੱਲੀ ਅੰਦੋਲਨ ਜਿੱਤਣ ਵੱਲ ਜ਼ੋਰ ਲਗਾਉਣਗੇ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ, ਸੁਰਜੀਤ ਸਿੰਘ ਸਮਰਾ, ਜਥੇਦਾਰ ਕਸ਼ਮੀਰ ਸਿੰਘ ਅਤੇ ਨੌਜਵਾਨ ਅਮਰਜੀਤ ਸਿੰਘ ਨਵਾਂ ਪਿੰਡ, ਗੁਰਪ੍ਰੀਤ ਸਿੰਘ ਚੀਦਾ ਅਤੇ ਵੀਰ ਕੁਮਾਰ ਆਦਿ ਹਾਜ਼ਰ ਸਨ।