ਫਗਵਾੜਾ 3 ਅਪ੍ਰੈਲ (ਸ਼਼ਿਵ ਕੋੋੜਾ) ਪੰਜਾਬ ਦੇ ਕਿਸਾਨਾ ਵਲੋਂ ਤਿੰਨ ਕਾਲੇ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੋਦੀ ਸਰਕਾਰ ਦੇ ਖਿਲਾਫ ਚਾਰ ਮਹੀਨੇ ਤੋਂ ਲਗਾਏ ਮੋਰਚੇ ਦੀ ਖੁੰਦਕ ਵਿਚ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨੂੰ ਬਦਨਾਮ ਕਰਨ ਦਾ ਰੋਜਾਨਾ ਹੀ ਕੋਈ ਨਵਾਂ ਬਹਾਨਾ ਭਾਲਦੀ ਹੈ | ਇਹ ਗੱਲ ਪੰਜਾਬ ਦੇ ਸਾਬਕਾ ਮੰਤਰੀ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰ. ਜੋਗਿੰਦਰ ਸਿੰਘ ਮਾਨ ਨੇ ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਹੀ | ਉਹਨਾਂ ਕਿਹਾ ਕਿ ਕੇਂਦਰ ਵਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮਜਦੂਰਾਂ ਨੂੰ ਸੂਬੇ ਦੇ ਕਿਸਾਨਾ ਵਲੋਂ ਨਸ਼ਿਆਂ ਦੀ ਲਤ ਲਗਾ ਕੇ ਬੰਧੂਆ ਮਜਦੂਰ ਬਨਾਉਣ ਦਾ ਜੋ ਦੋਸ਼ ਲਾਇਆ ਹੈ ਉਹ ਸਰਾਸਰ ਝੂਠਾ ਅਤੇ ਬੇਬੁਨਿਯਾਦ ਹੈ | ਇਹ ਪੰਜਾਬ ਅਤੇ ਇੱਥੋਂ ਦੇ ਕਿਸਾਨਾ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਦਾ ਹਿੱਸਾ ਹੈ | ਮੋਦੀ ਸਰਕਾਰ ਜਦੋਂ ਕਿਸੇ ਵੀ ਤਰ੍ਹਾਂ ਨਾਲ ਕਿਸਾਨੀ ਮੋਰਚੇ ਨੂੰ ਫੇਲ ਨਹੀਂ ਕਰ ਸਕੀ ਤਾਂ ਪਹਿਲਾਂ ਕਿਸਾਨਾ ਨੂੰ ਅੰਦੋਲਨਜੀਵੀ ਕਹਿ ਕੇ ਬੇਇੱਜਤੀ ਕੀਤੀ ਅਤੇ ਹੁਣ ਪੰਜਾਬ ਦੇ ਕਿਸਾਨਾ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਗੁਪਤ ਚਿੱਠੀ ਭੇਜੀ ਗਈ ਹੈ ਜਿਸ ਵਿਚ ਪੰਜਾਬ ਦੇ ਚਾਰ ਸਰਹੱਦੀ ਜਿਲਿ੍ਹਆਂ ਅੰਮਿ੍ਤਸਰ, ਗੁਰਦਾਸਪੁਰ, ਫਿਰੋਜਪੁਰ ਅਤੇ ਫਾਜਿਲਕਾ ਦਾ ਖਾਸ ਜਿਕਰ ਕੀਤਾ ਗਿਆ ਹੈ | ਸ੍ਰ. ਮਾਨ ਨੇ ਕਿਹਾ ਕਿ ਇਸ ਆਰੋਪ ਵਿਚ ਕੋਈ ਸੱਚਾਈ ਨਹੀਂ ਹੈ ਇਹ ਝੁਠਾ ਪ੍ਰਚਾਰ ਕਿਸਾਨ ਤੇ ਮਜਦੂਰ ਏਕਤਾ ਵਿਚ ਪਾੜਾ ਪਾਉਣ ਦੀ ਨੀਯਤ ਨਾਲ ਕੀਤਾ ਗਿਆ ਹੈ | ਕਾਂਗਰਸ ਪਾਰਟੀ ਇਸ ਦੀ ਸਖਤ ਨਖੇਦੀ ਕਰਦੀ ਹੈ | ਉਹਨਾਂ ਜੋਰ ਦੇ ਕੇ ਕਿਹਾ ਕਿ ਪੰਜਾਬ ਦੇ ਕਿਸਾਨਾ ਨੂੰ ਬਦਨਾਮ ਕਰਨ ਜਾਂ ਕਿਸਾਨ ਮਜਦੂਰ ਏਕਤਾ ਵਿਚ ਪਾੜਾ ਪਾਉਣ ਦੀ ਮੋਦੀ ਸਰਕਾਰ ਦੀ ਸਾਜਿਸ਼ ਨੂੰ ਕਿਸੇ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ |