ਜਲੰਧਰ 7 ਜੁਲਾਈ,(ਨਿਤਿਨ ਕੌੜਾ )
ਕੈਨੇਡਾ ਵਿੱਚ ਵਸਦੇ ਪਰਵਾਸੀ ਪਰਿਵਾਰ ਦੀ ਮਾਲਕੀ ਵਾਲੀ ਜ਼ਮੀਨ ਉੱਤੇ ਪਿੰਡ ਉਧੋਵਾਲ ਦੇ ਹੀ ਕਾਂਗਰਸੀ ਸਰਪੰਚ ਵੱਲੋ ਧੱਕੇ ਨਾਲ ਨਜਾਇਜ਼ ਕਬਜ਼ਾ ਕਰਕੇ ਉਸ ਉੱਤੇ ਸੈਡ ਬਣਾ ਕੇ ਗੇਟ ਲਾਉਂਣ ਵਾਲੇ ਪਿੰਡ ਉਧੋਵਾਲ ਦੇ ਸਰਪੰਚ ਤੇ ਉਸ ਦੇ ਪਰਿਵਾਰ ਵਿਰੋਧ ਪਰਚਾ ਦਰਜ ਕਰਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈਕੇ ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਕੇ ਇਕ ਵਫਦ ਨੇ ਐਸ ਐਸ ਪੀ ਜਲੰਧਰ ਦਿਹਾਤੀ ਨੂੰ ਮਿਲੇ। ਜਿਹਨਾਂ ਤੁਰੰਤ ਕਾਰਵਾਈ ਕਰਨ ਦੇ ਡੀ ਐੱਸ ਪੀ ਡੀ ਨੂੰ ਆਦੇਸ਼ ਦਿੱਤੇ।
ਇਥੇ ਵਰਨਣਯੋਗ ਹੈ ਕਿ ਕੱਲ ਐਨ ਆਰ ਆਈ ਪਰਿਵਾਰਾਂ ਦੇ ਇੱਕ ਵਫਦ ਨੇ ਪਰਵਾਸੀ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੂੰ ਮਿਲ ਕੇ ਇਨਸਾਫ ਦੀ ਗੁਹਾਰ ਲਾਈ ਸੀ । ਉਨ੍ਹਾਂ ਦੇ ਹੁਕਮਾਂ ‘ਤੇ ਹੀ ਅੱਜ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆ ਸਮੇਤ ਪੀੜਤ ਪਰਿਵਾਰ ਨੇ ਐਸ ਐਸ ਪੀ ਦਿਹਾਤੀ ਸਰਦਾਰ ਭੁੱਲਰ ਨਾਲ ਮੁਲਾਕਾਤ ਕੀਤੀ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੰਤੋਖ ਸੰਧੂ ਨੇ ਕਿਹਾ ਕਿ ਐਨ ਆਰ ਆਈ ਪਰਿਵਾਰ ਦੀ ਗੈਰ ਹਾਜ਼ਰੀ ਦਾ ਫਾਇਦਾ ਚੁੱਕ ਕੇ ਪਿੰਡ ਉਧੋਵਾਲ ਦੇ ਸਰਪੰਚ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਕਨੇਡਾ ਵਿੱਚ ਰਹਿੰਦੇ ਗੁਰਪ੍ਰੀਤ ਸਿੰਘ ਮਾਨ ਮਾਲਕੀ ਵਾਲੇ ਖਸਰਾ ਨੰਬਰ 155 ਉੱਪਰ ਸਰਪੰਚ ਅਤੇ ਉਸ ਦੇ ਪਰਿਵਾਰ ਵੱਲੋਂ ਨਜਾਇਜ਼ ਕਬਜ਼ਾ ਕਰਕੇ ਆਪਣੀ ਨਾਲ਼ ਲੱਗਦੀ ਕੋਠੀ ਵਿਚ ਮਿਲਾ ਲਿਆ ਗਿਆ ਅਤੇ ਰਾਤੋ-ਰਾਤ ਸ਼ੈੱਡ ਦੀ ਉਸਾਰੀ ਕਰਕੇ ਦੇ ਉਸ ਉਪਰ ਗੇਟ ਲਗਾ ਲਿਆ। ਐਨ ਆਰ ਆਈ ਪਰਿਵਾਰ ਵੱਲੋਂ ਮਾਲ ਮਹਿਕਮੇ ਨੂੰ ਕੀਤੀ ਗਈ ਬੇਨਤੀ ‘ਤੇ ਕੀਤੀ ਗਈ ਨਿਸ਼ਾਨਦੇਈ ਤੋਂ ਬਾਅਦ ਇਹ ਸਾਫ ਹੋ ਗਿਆ । ਕਿ ਕਾਂਗਰਸੀ ਸਰਪੰਚ ਵੱਲੋ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਅਤੇ ਹੁਣ ਬੀ ਡੀ ਪੀ ਓ ਮਹਿਤਪੁਰ ਦੀ ਮਿਲੀ ਭੁਗਤ ਨਾਲ ਨਾਜ਼ਾਇਜ਼ ਕਬਜ਼ਾਈ ਗਈ ਜਗ੍ਹਾ ਉੱਪਰ ਸਰਕਾਰੀ ਇੰਟਰਲੋਕ ਇੱਟਾਂ ਲਾ ਕੇ ਪ੍ਰਸ਼ਾਸਨ ਅਤੇ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਪਾ ਕੇ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਨੂੰ ਜਥੇਬੰਦੀਆਂ ਸਫ਼ਲ ਨਹੀਂ ਹੋਣ ਦੇਣਗੀਆ।
ਇਸ ਮੌਕੇ ਵਫ਼ਦ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ, ਐਨ ਆਰ ਆਈ ਗੁਰਪ੍ਰੀਤ ਸਿੰਘ ਮਾਨ,ਲੰਬੜਦਾਰ ਸਤੀਸ਼ ਕੁਮਾਰ, ਲੰਬੜਦਾਰ ਅਜੈਬ ਸਿੰਘ ਰੰਧਾਵਾ, ਦਲਜੀਤ ਸਿੰਘ ਕਾਹਲੋਂ, ਤਰਨਜੀਤ ਸਿੰਘ ਮਾਨ, ਸਾਬਕਾ ਬਲਾਕ ਸੰਮਤੀ ਮੈਂਬਰ ਅਮਰ ਸਿੰਘ , ਜਰਨੈਲ ਸਿੰਘ ਫੌਜੀ ਆਦਿ ਸ਼ਾਮਲ ਸਨ।