ਫਗਵਾੜਾ :- (ਸ਼ਿਵ ਕੋੋੜਾ) ਸਥਾਨਕ ਪੱਧਰ ਦੀਆਂ ਇਨਸਾਫ਼ ਪਸੰਦ ਜੱਥੇਬੰਦੀਆਂ ਤਰਕਸ਼ੀਲ ਸੁਸਾਇਟੀ ਫਗਵਾੜਾ, ਪੰਜਾਬੀ ਕਲਾਂ ਤੇ ਸਾਹਿੱਤ ਕੇਂਦਰ, ਸਹਾਰਾ ਕਲੱਬ ਫਗਵਾੜਾ, ਪੰਜਾਬੀ ਵਿਰਸਾ ਟਰੱਸਟ, ਸਕੇਪ ਸਾਹਿੱਤਕ ਸੰਸਥਾ, ਬੁੱਧੀਜੀਵੀ ਸੰਤੋਖ ਲਾਲ ਵਿਰਦੀ, ਸਮਾਜਿਕ ਕਾਰਕੁੰਨ ਮਾਸਟਰ ਸੁਖਦੇਵ ਸਿੰਘ, ਸਾਹਿੱਤਕਾਰ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ, ਸਾਧੂ ਸਿੰਘ ਅਤੇ ਹੋਰ ਲੇਖਕਾਂ ਨੇ 26 ਜਨਵਰੀ ਨੂੰ ਕੇਂਦਰ ਸਰਕਾਰ ਵਲੋਂ ਇੱਕ ਸਾਜਿਸ਼ ਤਹਿਤ ਕਿਸਾਨਾਂ ਵਲੋਂ ਕੀਤੀ ਜਾ ਰਹੀ ਸ਼ਾਂਤਮਈ ਟਰੈਕਟਰ ਪਰੇਡ ਨੂੰ ਬਦਨਾਮ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਗਣਤੰਤਰ ਦਿਵਸ ਵਾਲੇ ਦਿਨ ਸੁਰੱਖਿਆ ਫੋਰਸਾਂ ਤੇ ਖ਼ੁਫੀਆਂ ਏਜੰਸੀਆਂ ਦੇ ਅਫ਼ਸਰ ਚੱਪੇ-ਚੱਪੇ ਤੇ ਪਹਿਰਾ ਦੇ ਰਹੇ ਸਨ, ਥਾਂ-ਥਾਂ ‘ਤੇ ਬੈਰੀਕੇਟ ਲਾਏ ਹੋਏ ਸਨ। ਅਜਿਹੀ ਸਖ਼ਤ ਚੌਕਸੀ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਦਾ ਲਾਲ ਕਿਲੇ ਅੰਦਰ ਵੜਨਾ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਹੀ ਨਹੀਂ ਹੋ ਸਕਦਾ। ਇਹ ਅੰਦੋਲਨ ਜਾਤਾਂ, ਧਰਮਾਂ, ਇਲਾਕਿਆਂ ਅਤੇ ਸੂਬਿਆਂ ਤੋਂ ਉਪਰ ਉੱਠ ਕੇ ਦੇਸ਼ ਦੇ ਸਮੁੱਚੇ ਕਿਸਾਨਾਂ ਤੇ ਕਿਰਤੀਆਂ ਦਾ ਅੰਦੋਲਨ ਹੈ। 29 ਜਨਵਰੀ ਨੂੰ ਗਾਜ਼ੀਪੁਰ, ਟਿਕਰੀ ਅਤੇ ਸਿੰਘੂ ਬਾਰਡਰਾਂ ‘ਤੇ ਸਰਕਾਰ ਦੀ ਸ਼ਹਿ ਪ੍ਰਾਪਤ ਕੁਝ ਲੋਕਾਂ ਨੇ ਲਾਠੀਆਂ ਅਤੇ ਰੋੜਿਆਂ ਨਾਲ ਕਿਸਾਨਾਂ ‘ਤੇ ਹਮਲਾ ਕੀਤਾ। ਦਿੱਲੀ ਪੁਲਿਸ ਤੇ ਪੈਰਾ ਮਿਲਟਰੀ ਦੀਆਂ ਧਾੜਾਂ ਮੂਕ-ਦਰਸ਼ਕ ਬਣ ਕੇ ਖੜੀਆਂ ਰਹੀਆਂ। ਉਧਰ ਕਿਸਾਨਾਂ ਉਪਰ ਅੱਥਰੂ ਗੈਸ ਛੱਡੀ ਤੇ ਲਾਠੀਚਾਰਜ ਕੀਤਾ, ਜਿਸ ਨਾਲ ਕਈ ਕਿਸਾਨ ਗੰਭੀਰ ਜ਼ਖ਼ਮੀ ਹੋ ਗਏ। ਇਹ ਦੇਸ਼ ਦੀ ਜ਼ਮਹੂਰੀਅਤ ‘ਤੇ ਹਮਲਾ ਹੈ ਜਿਸ ਦੀ ਕਰੜੇ ਸ਼ਬਦਾਂ ਵਿੱਚ ਲੇਖਕਾਂ ਨੇ ਨਿੰਦਿਆਂ ਕੀਤੀ ਹੈ। ਇਹਨਾਂ ਲੇਖਕਾਂ ਦਾ ਵਿਚਾਰ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਇਸ ਲੋਕ ਅੰਦੋਲਨ ਦੀ ਭਾਈਚਾਰਕ ਸਾਂਝ ਦੀ ਪਵਿੱਤਰਤਾ ਭੰਗ ਨਹੀਂ ਹੋ ਸਕਦੀ ਅਤੇ ਨਾ ਹੀ ਇਹ ਕਾਲੇ ਕਾਨੂੰਨ ਵਾਜਬ ਸਾਬਤ ਹੋ ਸਕਦੇ ਹਨ। ਇਹਨਾਂ ਜੱਥੇਬੰਦੀਆਂ ਅਤੇ ਸਖ਼ਸ਼ੀਅਤਾਂ ਨੇ ਸੁਝਾਇਆ ਕਿ ਪੰਜਾਬ ਦੇ ਮਿਹਨਤੀ ਲੋਕਾਂ ਨੂੰ ਕੇਂਦਰ ਸਰਕਾਰ ਦੇ ਮਾਰੂ ਹਮਲਿਆਂ ਦਾ ਜਬਾਬ ਦੇਣ ਲਈ ਪਿੰਡਾਂ/ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਕਰਨੇ ਚਾਹੀਦੇ ਹਨ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਸੰਘਰਸ਼ ਕਰ ਰਹੇ ਕਿਸਨਾਂ ਵਿੱਚ ਵੱਡੀ ਸ਼ਮੂਲੀਅਤ ਕਰਨ ਲਈ ਦਿੱਲੀ ਪੁੱਜਣਾ ਚਾਹੀਦਾ ਹੈ।