
ਜਲੰਧਰ 24 ਮਾਰਚ 2021
ਕੋਵਿਡ-19 ਦੇ ਪਾਜ਼ੀਟਿਵ ਕੇਸਾਂ ਦੀ ਰਿਪੋਰਟ ਘੱਟ ਤੋਂ ਘੱਟ ਸਮੇਂ ਵਿੱਚ ਪ੍ਰਾਪਤ ਕਰਨ ਦੇ ਮੰਤਵ ਤਹਿਤ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿ ਜਲੰਧਰ ਨਾਲ ਸਬੰਧਿਤ ਕੋਵਿਡ ਦੇ ਆਰਟੀ-ਪੀਸੀਆਰ ਸੈਂਪਲਾਂ ਦੀ ਸਥਾਨਕ ਆਰ.ਡੀ.ਡੀ.ਐਲ ਲੈਬਾਰਟੀ ਲਾਡੋਵਾਲੀ ਰੋਡ ਵਿਖੇ ਜਾਂਚ ਕਰਵਾਈ ਜਾਵੇ।ਆਰ.ਡੀ.ਡੀ.ਐਲ.ਲੈਬ ਦੀ ਸਮਰੱਥਾ ਦਾ ਜਾਇਜ਼ਾ ਲੈਣ ਲਈ ਕੀਤੇ ਗਏ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਜਿਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਵੀ ਮੌਜੂਦ ਸਨ, ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੋਵਿਡ-19 ਦੇ ਸੈਂਪਲਾਂ ਦੀ ਜਾਂਚ ਰਿਪੋਰਟ ਘੱਟ ਤੋਂ ਘੱਟ ਸਮੇਂ ਵਿੱਚ ਪ੍ਰਾਪਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਥਾਨਿਕ ਲੈਬ ਵਲੋਂ ਕੋਵਿਡ-19 ਦੇ ਕੇਸਾਂ ਸਬੰਧੀ ਰਿਪੋਰਟ 24 ਘੰਟਿਆਂ ਦੇ ਵਿੱਚ ਸੌਂਪ ਦਿੱਤੀ ਜਾਂਦੀ ਹੈ ਜਦਕਿ ਜ਼ਿਲ੍ਹੇ ਤੋਂ ਬਾਅਦ ਸੈਂਪਲ ਭੇਜ ਕੇ ਰਿਪੋਰਟ ਪ੍ਰਾਪਤ ਕਰਨ ਵਿੱਚ ਕੁਝ ਦਿਨ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਕੋਵਿਡ ਪਾਜ਼ੀਟਿਵ ਕੇਸਾਂ ਵਿੱਚ ਜਲਦ ਪਤਾ ਲੱਗ ਜਾਣ ’ਤੇ ਸੰਪਰਕ ਵਿੱਚ ਆਏ ਲੋਕਾਂ ਦੀ ਪਹਿਚਾਣ ਕਰਨ ਅਤੇ ਉਨਾਂ ਨੂੰ ਜਲਦੀ ਇਕਾਂਤਵਾਸ ਕਰਕੇ ਘੱਟ ਤੋਂ ਘੱਟ ਸਮੇਂ ਵਿੱਚ ਇਲਾਜ ਸ਼ੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਸਬੰਧੀ 24 ਘੰਟਿਆਂ ਦੇ ਅੰਦਰ-ਅੰਦਰ ਰਿਪੋਰਟ ਹਾਸਿਲ ਕਰਨ ਲਈ ਸਾਰੇ ਸੈਂਪਲ ਆਰ.ਡੀ.ਡੀ.ਐਲ ਲੈਬ ਵਿਖੇ ਜਾਂਚ ਲਈ ਭੇਜੇ ਜਾਣ।ਉਨ੍ਹਾਂ ਦੱਸਿਆ ਕਿ ਆਰ.ਡੀ.ਡੀ.ਐਲ. ਲੈਬ ਦੀ ਰੋਜ਼ਾਨਾ 1000 ਸੈਂਪਲ ਜਾਂਚ ਕਰਨ ਦੀ ਸਮਰੱਥਾ ਹੈ ਜਿਸ ਨੂੰ 1500 ਜਾਂ ਇਸ ਤੋਂ ਵੱਧ ਸੈਂਪਲਾਂ ਦੀ ਜਾਂਚ ਕਰਨ ਲਈ ਵਧਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਨੂੰ ਲੈਬ ਦੀ ਟੈਸਟਿੰਗ ਸਮਰੱਥਾ ਵਧਾਉਣ ਲਈ ਪਹਿਲਾਂ ਹੀ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ।ਇਸ ਮੌਕੇ ਮਹਿੰਦਰ ਪਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਸਿਹਤ ਵਿਭਾਗ ਨੂੰ ਇਸ ਲੈਬ ਵਿਖੇ ਰੋਜ਼ਾਨਾ 1000 ਕੋਵਿਡ ਸੈਂਪਲ ਜਾਂਚ ਦੀ ਸਮਰੱਥਾ ਨੂੰ 1500 ਤੱਕ ਵਧਾਉਣ ਸਬੰਧੀ ਲੋੜੀਂਦਾ ਅਮਲਾ ਅਤੇ ਸਾਜੋ ਸਮਾਨ ਮੁਹੱਈਆ ਕਰਵਾਉਣ ਸਬੰਧੀ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਲੈਬ ਵਿਖੇ ਤੀਜੀ ਸਿਫ਼ਟ ਸ਼ੁਰੂ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੂੰ ਵੀ ਤਜਵੀਜ਼ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੋਂ ਲੋੜੀਂਦਾ ਅਮਲਾ ਮਿਲ ਜਾਣ ’ਤੇ ਲੈਬ ਵਿਖੇ ਤੀਜੀ ਸਿਫ਼ਟ ਵੀ ਸ਼ੁਰੂ ਕਰ ਦਿੱਤੀ ਜਾਵੇਗੀ।