ਫਗਵਾੜਾ 5 ਜੁਲਾਈ (ਸ਼ਿਵ ਕੋੜਾ) ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਕਪੂਰਥਲਾ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਕੁਲਦੀਪ ਭੱਟੀ ਨੇ ਵੱਧਦੀ ਮਹਿੰਗਾਈ ਲਈ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਦੋਸ਼ੀ ਦੱਸਦੇ ਹੋਏ ਅੱਜ ਇੱਥੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਗਲਤ ਨੀਤੀਆਂ ਦੀ ਵਜ੍ਹਾ ਨਾਲ ਜਿੱਥੇ ਰੋਜਾਨਾ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਹਨ ਉੱਥੇ ਹੀ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸਟੇਟ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਇਕ ਦੂਸਰੇ ਨੂੰ ਦੋਸ਼ੀ ਦੱਸਦੀਆਂ ਹਨ ਪਰ ਇਹਨਾਂ ਦੀ ਸਿਆਸੀ ਖਿੱਚੋਤਾਨ ਵਿਚ ਜਨਤਾ ਭੁੱਖੀ ਮਰਨ ਲਈ ਮਜਬੂਰ ਹੋ ਗਈ ਹੈ। ਮਹਿੰਗਾ ਪੈਟਰੋਲ, ਮਹਿੰਗਾ ਡੀਜਲ ਅਤੇ ਮਹਿੰਗੀ ਰਸੋਈ ਗੈਸ ਨੇ ਕੋਵਿਡ-19 ਕੋਰੋਨਾ ਕਾਲ ਵਿਚ ਆਮ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਉਹਨਾਂ ਮੋਦੀ ਅਤੇ ਕੈਪਟਨ ਸਰਕਾਰ ਤੋਂ ਜਿੱਥੇ ਪੁਰਜੋਰ ਮੰਗ ਕੀਤੀ ਕਿ ਲੋਕਾਂ ਤੇ ਤਰਸ ਕਰਦੇ ਹੋਏ ਮਹਿੰਗਾਈ ਘਟਾਉਣ ਦਾ ਉਪਰਾਲਾ ਕਰਨ ਉੱਥੇ ਹੀ ਕਿਹਾ ਕਿ ਜੇਕਰ ਇਸੇ ਤਰ੍ਹਾਂ ਮਹਿੰਗਾਈ ਵੱਧਦੀ ਰਹੀ ਤਾਂ ਭਾਜਪਾ ਅਤੇ ਕਾਂਗਰਸ ਦਾ ਸਿਆਸੀ ਵਜੂਦ ਖਤਮ ਹੋ ਜਾਵੇਗਾ। ਕਿਉਂਕਿ ਕੋਰੋਨਾ ਕਾਲ ਵਿਚ ਜਿੱਥੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਉੱਥੇ ਹੀ ਲਾਕਡਾਉਨ ਨੇ ਕਾਰੋਬਾਰ ਖਤਮ ਕਰ ਦਿੱਤੇ ਹਨ। ਲੋਕ ਸੱਤਾ ਵਿਚ ਬੈਠੇ ਸਿਆਸੀ ਆਗੂਆਂ ਦੀਆਂ ਕਾਰਗੁਜਾਰੀਆਂ ਉਪਰ ਡੂੰਘੀ ਨਜਰ ਰੱਖ ਰਹੇ ਹਨ। ਅਗਲੇ ਸਾਲ ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਪੰਜਾਬ ਦੀ ਜਨਤਾ ਵੋਟ ਦੇ ਹਥਿਆਰ ਨਾਲ ਭਾਜਪਾ ਅਤੇ ਕਾਂਗਰਸ ਪਾਰਟੀ ਤੋਂ ਗਿਣ-ਗਿਣ ਕੇ ਹਿਸਾਬ ਵਸੂਲ ਕਰੇਗੀ।