ਫਗਵਾੜਾ 11 ਫਰਵਰੀ (ਸ਼ਿਵ ਕੋੜਾ) ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਵੱਧਦੀਆਂ ਪੈਟਰੋਲ ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਮੁੱਦੇ ‘ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਘੇਰਦਿਆਂ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਮੋਦੀ ਸਰਕਾਰ ਮਹਿੰਗਾਈ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਅੱਜ ਦੇਸ਼ ਦੀ ਜਨਤਾ ਭੁੱਖੀ ਮਰਨ ਨੂੰ ਮਜਬੂਰ ਹੈ। ਲੋਕ ਤ੍ਰਾਹਿ-ਤ੍ਰਾਹਿ ਕਰ ਰਹੇ ਹਨ ਪਰ ਸਰਕਾਰ ਝੂਠੇ ਸਬਜ ਬਾਗ ਦਿਖਾ ਕੇ ਲੋਕਾਂ ਨੂੰ ਵਰਗਲਾਉਣ ਦਾ ਨਾਕਾਮ ਯਤਨ ਕਰ ਰਹੀ ਹੈ। ਜਿੰਨੀ ਮਹਿੰਗਾਈ ਮੋਦੀ ਸਰਕਾਰ ਦੇ ਰਾਜ ਵਿਚ ਵਧੀ ਹੈ ਉਨੀ ਮਹਿੰਗਾਈ ਪਹਿਲਾਂ ਕਦੇ ਵੀ ਕਿਸੇ ਸਰਕਾਰ ਦੇ ਰਾਜਕਾਲ ਦੌਰਾਨ ਨਹੀਂ ਵਧੀ। ਉਹਨਾਂ ਕਿਹਾ ਕਿ ਪੈਟਰੋਲ ਦੀ ਕੀਮਤ 90 ਰੁਪਏ ਤੱਕ ਪਹੁੰਚ ਗਈ ਹੈ ਅਤੇ ਡੀਜਲ ਦਾ ਮੁੱਲ ਕਰੀਬ 80 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਿਸਨੂੰ ਖਰੀਦਣਾ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ। ਡੀਜਲ ਮਹਿੰਗਾ ਹੋਣ ਨਾਲ ਕਿਸਾਨਾ ਅਤੇ ਟਰਾਂਸਪੋਰਟਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵੀ ਬੇਤਹਾਸ਼ਾ ਵਾਧਾ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਆਮ ਲੋਕਾਂ ਨਾਲ ਜੁੜੇ ਇਸ ਮੁੱਦੇ ਬਾਰੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਮੋਜੂਦਾ ਕੇਂਦਰ ਸਰਕਾਰ ਦੀ ਨੀਤੀ ਕਾਰਪੋਰੇਟ ਘਰਾਣਿਆ ਨੂੰ ਲਾਭ ਪਹੁੰਚਾਉਣ ਵਾਲੀ ਹੈ ਪੈਟਰੋਲੀਅਮ ਕੰਪਨੀਆਂ ਨੂੰ ਲੁੱਟ ਮਚਾਉਣ ਦੀ ਖੁੱਲ੍ਹੀ ਛੂਟ ਮੋਦੀ ਸਰਕਾਰ ਦੇ ਰਾਜ ਵਿਚ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਕਈ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ। ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਜਨਤਾ ਵਿਚ ਭਾਰੀ ਗੁੱਸਾ ਹੈ। ਉਹਨਾਂ ਕਿਹਾ ਕਿ ਮੋੋਦੀ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਾਂਗਰਸ ਪਾਰਟੀ ਨੇ ਹਮੇਸ਼ਾ ਜਨਤਾ ਦੀ ਅਵਾਜ ਨੂੰ ਬੁਲੰਦ ਕੀਤਾ ਹੈ ਅਤੇ ਜਨਤਾ ਨਾਲ ਜੁੜੇ ਮਹਿੰਗਾਈ ਦੇ ਭੱਖਦੇ ਮੁੱਦੇ ਨੂੰ ਲੈ ਕੇ ਵੀ ਵੱਡਾ ਆਂਦੋਲਨ ਖੜਾ ਕੀਤਾ ਜਾਵੇਗਾ। ਇਸ ਦੌਰਾਨ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਵਿਰੋਧਤਾ ਕਰਦਿਆਂ ਲੋਕ ਹਿਤ ਵਿਚ ਸੰਘਰਸ਼ ਨੂੰ ਹਰ ਪੱਧਰ ਤਕ ਲੈ ਕੇ ਜਾਣ ਦੀ ਗੱਲ ਜੋਰ ਦੇ ਕੇ ਕਹੀ। ਇਸ ਮੌਕੇ ਧਰਮਿੰਦਰ ਠੱਕਰਕੀ, ਰਾਮ ਆਸਰਾ ਚੱਕ ਪ੍ਰੇਮਾ, ਰੂਪ ਲਾਲ ਢੱਕ ਪੰਡੋਰੀ, ਸੁਭਾਸ਼ ਕਵਾਤਰਾ, ਰਾਜੂ ਆਨੰਦ, ਗੁਰਵਿੰਦਰ ਚੱਠਾ, ਬਲਜਿੰਦਰ ਸਿੰਘ ਬਾਂਸਲ, ਡੋਗਰ ਮੱਲ, ਸ਼ਿਵ ਖਲਵਾੜਾ, ਆਕਾਸ਼ ਕੁਮਾਰ, ਮਨਜੋਤ ਸਿੰਘ, ਵਰੁਣ ਬੰਗੜ ਚੱਕ ਹਕੀਮ ਤੇ ਰਵਿੰਦਰ ਸਿੰਘ ਪੀ.ਏ. ਆਦਿ ਹਾਜਰ ਸਨ।