ਫਗਵਾੜਾ 3 ਅਕਤੂਬਰ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ ਮਹਿਲਾ ਆਗੂ ਅਤੇ ਸਾਬਕਾ ਕੌਂਸਲਰ ਬੀਬੀ ਸਰਬਜੀਤ ਕੌਰ ਭਗਤਪੁਰਾ ਨੇ ਕਿਹਾ ਕਿ ਕੇਂਦਰ ਵਿਚ ਭਾਂਵੇ ਕੋਈ ਵੀ ਸਰਕਾਰ ਰਹੀ ਹੋਵੇ ਜਦੋਂ ਵੀ ਪੰਜਾਬ ਜਾਂ ਪੰਜਾਬੀਆਂ ਦੇ ਹੱਕ ਦੀ ਗੱਲ ਆਉਂਦੀ ਹੈ ਤਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਾਥਰਸ ਕਾਂਡ ਦੀ ਸਖਤ ਨਖੇਦੀ ਕਰਦਿਆਂ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ ਕਰਨ ਉਪਰੰਤ ਕੇਂਦਰ ਦੇ ਖੇਤੀ ਬਿਲਾਂ ਅਤੇ ਕਿਸਾਨਾ ਦੇ ਮਸਲੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਸੂਬੇ ਨਾਲ ਧੱਕਾ ਕਰਦੀਆਂ ਰਹੀਆਂ ਅਤੇ ਹੁਣ ਖੇਤੀ ਬਿਲਾਂ ‘ਚ ਮੋਦੀ ਦੀ ਭਾਜਪਾ ਸਰਕਾਰ ਪੰਜਾਬ ਅਤੇ ਕਿਸਾਨਾ ਦੇ ਹਿਤਾਂ ਨੂੰ ਅੱਖੋ ਪਰੋਖੇ ਕਰ ਰਹੀ ਹੈ। ਤਿੰਨ ਖੇਤੀ ਬਿਲਾਂ ਨੂੰ ਲੈ ਕੇ ਭਾਜਪਾ ਨੇ ਆਪਣੀ ਸਭ ਤੋਂ ਪੁਰਾਣੀ ਭਾਈਵਾਲ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਵੀ ਵਿਸ਼ਵਾਸ ਵਿਚ ਲੈਣਾ ਜਰੂਰੀ ਨਹੀਂ ਸਮਝਿਆ। ਉਹਨਾਂ ਸੰਸਦ ਵਿਚ ਪਾਸ ਕੀਤੇ ਨਵੇਂ ਖੇਤੀ ਬਿਲਾਂ ਨੂੰ ਕਿਸਾਨ, ਮਜਦੂਰ ਅਤੇ ਆੜ•ਤੀ ਵਿਰੋਧੀ ਦਸਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਨੂੰ ਪਾਰਟੀ ਹਿਤ ਤੋਂ ਉੱਪਰ ਰੱਖਿਆ ਹੈ। ਇਹਨਾਂ ਬਿਲਾਂ ਨੂੰ ਲੈ ਕੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਸਦ ਵਿਚ ਬਿਲਾਂ ਦੀ ਖਿਲਾਫਤ ਕੀਤੀ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਵਜਾਰਤ ਨੂੰ ਠੁਕਰਾ ਕੇ ਕਿਸਾਨਾ ਦੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ। ਉਹਨਾਂ ਜਿੱਥੇ ਸ੍ਰੋਮਣੀ ਅਕਾਲੀ ਦਲ ਦੇ ਤਿੰਨ ਤਖ਼ਤਾਂ ਤੋਂ ਕਿਸਾਨਾ ਦੇ ਹੱਕ ਵਿਚ ਮਾਰਚ ਕੱਢਣ ਦਾ ਸਵਾਗਤ ਕੀਤਾ ਉੱਥੇ ਹੀ ਚੰਡੀਗੜ ਪ੍ਰਸ਼ਾਸਨ ਵਲੋਂ ਕੀਤੇ ਲਾਠੀਚਾਰਜ ਦੀ ਸਖਤ ਨਖੇਦੀ ਕੀਤੀ। ਬੀਬੀ ਸਰਬਜੀਤ ਕੌਰ ਨੇ ਕਿਹਾ ਕਿ ਸ੍ਰੋਅਦ ਪਹਿਲਾਂ ਵੀ ਕਿਸਾਨਾ ਦੇ ਹੱਕਾਂ ਲਈ ਲੜਦਾ ਰਿਹਾ ਹੈ, ਹੁਣ ਵੀ ਡਟ ਕੇ ਖੜਾ ਹੈ ਅਤੇ ਭਵਿੱਖ ਵਿਚ ਵੀ ਕਿਸਾਨਾ ਦੇ ਹੱਕ ਦੀ ਲੜਾਈ ਲੜਦਾ ਰਹੇਗਾ। ਇਸ ਤੋਂ ਇਲਾਵਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਜੰਮੂ-ਕਸ਼ਮੀਰ ਦੀ ਦੂਸਰੀ ਭਾਣਾ ਦਾ ਦਰਜਾ ਨਾ ਦੇਣ ਨੂੰ ਵੀ ਮੰਦਭਾਗਾ ਅਤੇ ਨਿੰਦਣਯੋਗ ਦੱਸਿਆ।