ਫਗਵਾੜਾ 14 ਦਸੰਬਰ (ਸ਼ਿਵ ਕੋੜਾ) ਕੇਂਦਰ ਦੀ ਸਰਕਾਰ ਵੱਲੋਂ ਕਿਸਾਨੀ ਸੰਬੰਧੀ ਕਾਲੇ ਬਿੱਲਾਂ ਦੇ ਖ਼ਿਲਾਫ਼ ਵਿੱਢੇ ਦੇਸ਼ ਵਿਆਪੀ ਸੰਘਰਸ਼ ਦੇ ਮੱਦੇਨਜ਼ਰ ਅੱਜ ਪੰਜਾਬ ਪਰਦੇਸ ਕਾਂਗਰਸ ਵੱਲੋਂ ਸ਼ੰਭੂ ਬਾਰਡਰ ਤੇ ਦਿੱਤੇ ਜਾ ਰਹੇ ਧਰਨੇ ਦੇ ਲਈ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮਾਰਕੀਟ ਕਮੇਟੀ ਦਫ਼ਤਰ ਦੇ ਅਗੋਂ ਰਵਾਨਾ ਕੀਤਾ। ਕੇਂਦਰ ਦੀ ਮੋਦੀ ਸਰਕਾਰ ਦੇ ਨਾਦਰਸ਼ਾਹੀ ਫੈਂਸਲਿਆ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਕਾਂਗਰਸੀ ਧਰਨੇ ਲਈ ਪੂਰੀ ਗਰਮ-ਜੋਸ਼ੀ ਨਾਲ ਰਵਾਨਾ ਹੋਏ।
ਇਸ ਮੌਕੇ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੇ ਕਿਸਾਨੀ ਸੰਬੰਧੀ ਬਿੱਲਾ ਦੇ ਖ਼ਿਲਾਫ਼ ਸਾਰਾ ਦੇਸ਼ ਕਿਸਾਨਾਂ ਦੇ ਨਾਲ ਹੈ ਅਤੇ ਉਨ੍ਹਾਂ ਦੇ ਕੀਤੇ ਜਾ ਰਹੇ ਅੰਦੋਲਨ ਦਾ ਸਮਰਥਨ ਕਰਦਾ ਹੈ। ਪਰ ਮੋਦੀ ਸਰਕਾਰ ਦੇ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀ ਟੋਲੇ ਦੇ ਕਪਿਲ ਮਿਸ਼ਰਾ ਅਤੇ ਰਾਗਿਨੀ ਤਿਵਾੜੀ ਵਰਗੇ ਲੋਕ ਕਿਸਾਨ ਅੰਦੋਲਨ ਵਿਚ ਸੰਘਰਸ਼ਰਤ ਕਿਸਾਨਾਂ ਨੂੰ ਧਮਕਾ ਰਹੇ ਹਨ। ਉਹ ਕਿਸਾਨਾਂ ਨੂੰ ਕਦੇ ਆਤੰਕੀ,ਕਦੇ ਨਕਸਲੀ ਅਤੇ ਕਦੇ ਮਿਸਗਾਇਡਡ ਕਹਿ ਕੇ ਉਨ੍ਹਾਂ ਖ਼ਿਲਾਫ਼ ਭੰਡੀ ਪ੍ਰਚਾਰ ਕਰ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਲੋਕ ਤਾਂਤਰਿਕ ਤਰੀਕੇਆਂ ਨੂੰ ਚੁਣੀ ਹੋਈ ਸਰਕਾਰ ਜਦੋਂ ਤਾਨਾਸ਼ਾਹੀ ਤੇ ਉੱਤਰ ਆਏ ਤਾਂ ਸਮਝ ਲੈਣਾ ਚਾਹੀਦਾ ਹੈ ਜਾਂ ਤਾਂ ਉਨ੍ਹਾਂ ਨੇ ਅੱਗਾਂ ਸਿਆਸਤ ਨਹੀਂ ਕਰਨੀ ਜਾਂ ਫਿਰ ਕਿਸੇ ਦੇ ਹੱਥਾਂ ਦੇ ਕਠਪੁਤਲੀ ਬਣ ਕੇ ਦੇਸ਼ ਨੂੰ ਤਬਾਹੀ ਦੇ ਰਸਤੇ ਤੇ ਲੈ ਕੇ ਜਾਣ ਦੀ ਤਿਆਰੀ ਵਿਚ ਹਨ। ਧਾਲੀਵਾਲ ਨੇ ਕਿਹਾ ਕਿ ਕੇਂਦਰ ਦਾ ਅੜੀਅਲ ਵਤੀਰਾ ਉਨ੍ਹਾਂ ਦੀ ਹੀ ਤਬਾਹੀ ਦੇ ਮੰਜਰ ਦਿਖਾ ਰਿਹਾ ਹੈ। ਪੰਜਾਬ ਵਿਚ ਚੁਨਾਵੀਂ ਬਿਸਾਤ ਵਿਛਾਉਣ ਦੀ ਤਿਆਰੀ ਵਿਚ ਲੱਗੀ ਭਾਜਪਾ ਦੇ ਸਿਰਫ਼ ਪ੍ਰਦੇਸ਼ ਵਿਚ ਹੀ ਨਹੀਂ ਪੂਰੇ ਦੇਸ਼ ਵਿਚ ਕਿਸਾਨ ਸੂਪੜਾ ਸਾਫ਼ ਕਰ ਦੇਣਗੇ। ਕਿਸਾਨ ਅੰਦੋਲਨ ਦਾ ਵਿਰੋਧ ਸਿਰਫ਼ ਉਹੀ ਕਰ ਸਕਦਾ ਹੈ ਜੋ ਰੋਟੀ ਨਹੀਂ ਖਾਂਦਾ ਜਾਂ ਫਿਰ ਉਹ ਅਕਲ ਤੋਂ ਅਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਦੀ ਕਾਂਗਰਸ ਮੁੱਖ ਮੰਤਰੀ ਕੈਪਟਨ ਅਮਰੇਦਰ ਸਿੰਘ ਅਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਪੂਰੀ ਤਰਾ ਨਾਲ ਕਿਸਾਨ ਭਰਾਵਾਂ ਦੇ ਨਾਲ ਹੈ ਅਤੇ ਅਖੀਰਲੇ ਸਾਹ ਤਕ ਨਾਲ ਰਹਾਂਗੇ। ਅੱਜ ਸ਼ੰਭੂ ਬਾਰਡਰ ਦੇ ਦਿੱਤਾ ਜਾਣ ਵਾਲਾ ਧਰਨਾ ਸਿਰਫ਼ ਸੰਕੇਤਿਕ ਹੈ,ਆਉਣ ਵਾਲੇ ਦਿਨਾਂ ਵਿਚ ਕਿਸਾਨ ਆਗੂ ਜੋ ਵੀ ਫ਼ੈਸਲਾ ਕਰਨਗੇ,ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ।  ਧਰਨੇ ਵਿਚ ਸ਼ਾਮਲ ਹੋਣ ਲਈ ਮਾਰਕੀਟ ਕਮੇਟੀ,ਬਲਾਕ ਸੰਮਤੀ ਦੇ ਚੇਅਰਮੈਨ,ਉਪ ਚੇਅਰਮੈਨ,ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰ, ਜਿੱਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ, ਬਲਾਕ ਕਾਂਗਰਸ ਦੇ ਅਹੁਦੇਦਾਰ, ਯੂਥ ਕਾਂਗਰਸ,ਮਹਿਲਾ ਕਾਂਗਰਸ ਦੇ ਅਹੁਦੇਦਾਰ,ਸੇਵਾ ਦਲ ਦੇ ਸਾਰੇ ਅਹੁਦੇਦਾਰ,ਸਾਰੇ ਵਰਕਰ 60 ਗੱਡੀਆਂ ਵਿਚ ਰਵਾਨਾ  ਹੋਏ।