ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੋਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ
ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ ਸ਼ੁਰੂ ਕੀਤੀ ਗਈ ਐਲੂਮਨਾਈ ਸਪੀਕਸ-ਏ ਸੀਰੀਜ਼ ਆਫ
ਇੰਸਪੀਰੇਸ਼ਨਲ ਟਾਕਸ ਦੀ ਅਗਲੀ ਕੜੀ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਵੱਖ-ਵੱਖ ਖੇਤਰਾਂ ਵਿੱਚ ਵਿਦਿਆਲਾ ਦੀਆਂ
ਸਾਬਕਾ ਵਿਦਿਆਰਥਣਾਂ ਦੁਆਰਾ ਮਾਰੀਆਂ ਗਈਆਂ ਮੱਲਾਂ ਤੇ ਉਨ੍ਹਾਂ ਦੇ ਸੰਘਰਸ਼ ਤੋਂ ਸਫ਼ਲਤਾ ਤੱਕ ਦੇ ਤਜਰਬੇ ਮੌਜੂਦਾ
ਵਿਦਿਆਰਥਣਾਂ ਨਾਲ ਸਾਂਝੇ ਕਰਕੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਨਿਰੰਤਰ ਅੱਗੇ ਵਧਦੇ ਰਹਿਣ ਅਤੇ ਸੁਪਨੇ ਪੂਰੇ ਕਰਨ ਲਈ
ਮਿਹਨਤ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ 'ਤੇ ਆਧਾਰਿਤ ਇਸ ਸੀਰੀਜ਼ ਦੀ ਅਗਲੀ ਕੜੀ ਵਿਦਿਆਲਾ ਦੇ ਪੋਸਟ ਗ੍ਰੈਜੂਏਟ
ਡਿਪਾਰਟਮੈਂਟ ਆਫ ਸਾਇਕੋਲੌਜੀ ਦੁਆਰਾ ਆਯੋਜਿਤ ਕਰਵਾਈ ਗਈ। ਡਾ. ਸਮਿਤਾ ਵਾਸੂਦੇਵ, ਕਲੀਨਿਕਲ ਸਾਇਕੋਲੋਜਿਸਟ ਨੇ
ਇਸ ਪ੍ਰੋਗਰਾਮ ਦੇ ਵਿੱਚ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਕੰਨਿਆ ਮਹਾਂ ਵਿਦਿਆਲਾ ਤੋਂ ਗਰੈਜੂਏਸ਼ਨ ਕਰਨ ਉਪਰੰਤ
ਭਾਰਤ ਦੀਆਂ ਨਾਮੀ ਸਿੱਖਿਆ ਸੰਸਥਾਵਾਂ ਤੋਂ ਪੀ.ਐਚ.ਡੀ. ਤੋਂ ਇਲਾਵਾ ਬੈਕ ਇੰਸਟੀਚਿਊਟ ਫਾਰ ਕੌਗਨਿਟਿਵ ਬਿਹੇਵਿਅਰ ਥੈਰੇਪੀ,
ਪੈਨਸਲਵੀਨੀਆ, ਯੂ.ਐਸ. ਏ. ਤੋਂ ਕੌਗਨਿਟਿਵ ਬਿਹੇਵਿਅਰ ਥੈਰੇਪੀ ਵਿੱਚ ਟ੍ਰੇਨਿੰਗ ਹਾਸਿਲ ਕਰਨ ਦੇ ਨਾਲ-ਨਾਲ ਯੂ.ਐੱਸ.ਏ. ਤੋਂ
ਮਾਨਤਾ ਪ੍ਰਾਪਤ ਸੀ.ਬੀ.ਟੀ. ਪ੍ਰੈਕਟੀਸ਼ਨਰ ਵਜੋਂ ਲਗਪਗ ਅਠਾਰਾਂ ਸਾਲ ਦਾ ਤਜਰਬਾ ਰੱਖਣ ਵਾਲੇ ਡਾ. ਵਾਸੂਦੇਵ ਨੇ ਵਿਦਿਆਰਥਣਾਂ
ਨੂੰ ਸੰਬੋਧਿਤ ਹੁੰਦੇ ਹੋਏ ਸਭ ਤੋਂ ਪਹਿਲਾਂ ਆਪਣੇ ਜੀਵਨ ਵਿਚਲੀ ਸਫਲਤਾ ਦਾ ਸਿਹਰਾ ਕੰਨਿਆ ਮਹਾਂਵਿਦਿਆਲਾ ਵਿਦਿਆਲਾ ਦੇ
ਸਿਰ ਸਜਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਾਇਕੋਲੌਜੀ ਦੇ ਖੇਤਰ ਵਿਚਲੀਆਂ ਰੋਜ਼ਗਾਰ ਸੰਭਾਵਨਾਵਾਂ ਬਾਰੇ
ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਕੌਗਨਿਟਿਵ ਬਿਹੇਵਿਅਰ ਥਰੈਪੀ ਦੀਆਂ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਇਸ ਤੋਂ
ਇਲਾਵਾ ਉਨ੍ਹਾਂ ਨੇ ਆਪਣੀ ਤਾਕਤ ਅਤੇ ਹੁਨਰ ਨੂੰ ਪਛਾਣਦੇ ਹੋਏ ਮੌਜੂਦਾ ਸਮੇਂ ਦਾ ਵੱਧ ਤੋਂ ਵੱਧ ਸਾਰਥਕ ਉਪਯੋਗ ਕਰਨ ਦੇ ਲਈ
ਵਿਦਿਆਰਥਣਾਂ ਨੂੰ ਉਤਸ਼ਾਹਿਤ ਕੀਤਾ ਅਤੇ ਜੀਵਨ ਦੇ ਵਿੱਚ ਖ਼ੁਸ਼ ਰਹਿੰਦੇ ਹੋਏ ਸਾਰਥਕ ਸੋਚ ਨੂੰ ਅਪਨਾਉਣ ਦੇ ਮਹੱਤਵ ਬਾਰੇ ਵੀ
ਚਰਚਾ ਕੀਤੀ। ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਟੀਚੇ ਦੇ ਮਹੱਤਵ ਨੂੰ ਦੱਸਦੇ ਹੋਏ ਉਨ੍ਹਾਂ ਇਸ ਦੀ ਪੂਰਤੀ ਦੇ ਲਈ ਮਿਹਨਤ,
ਲਗਨ, ਦ੍ਰਿੜ੍ਹ ਨਿਸ਼ਚੇ ਅਤੇ ਸਮਰਪਣ ਦੀ ਜ਼ਰੂਰਤ ਨੂੰ ਵੀ ਦਰਸਾਇਆ ਅਤੇ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ
ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ
ਕਿਹਾ ਕਿ ਕੰਨਿਆ ਮਹਾਂਵਿਦਿਆਲਾ ਦੁਆਰਾ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸਬੰਧਿਤ ਖੇਤਰ ਵਿੱਚ ਨਿਪੁੰਨਤਾ ਪ੍ਰਦਾਨ ਕਰਨ ਦੇ ਲਈ
ਸਮੇਂ ਦਰ ਸਮੇਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ ਜਿਨ੍ਹਾਂ ਤੋਂ ਮਿਲਦੀ ਸੇਧ ਅਤੇ ਉਤਸ਼ਾਹ ਉਨ੍ਹਾਂ ਨੂੰ ਆਪਣੇ
ਜੀਵਨ ਵਿੱਚ ਅੱਗੇ ਵਧਦੇ ਰਹਿਣ ਲਈ ਪ੍ਰੇਰਨਾ ਦਾ ਇਕ ਮਾਧਿਅਮ ਬਣ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਵੈਬੀਨਾਰ ਦੇ
ਸਫਲ ਆਯੋਜਨ ਦੇ ਲਈ ਸਾਇਕਾਲੋਜੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ।