ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਫੁਟੀ ਸਕਿੱਲ ਫੁਟਬਾਲ ਅਕੈਡਮੀ,
ਜਲੰਧਰ ਨਾਲ ਸਾਂਝੇਦਾਰੀ ਵਿੱਚ ਫੁੱਟਬਾਲ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੇਂ ਉਪਰਾਲੇ ਸਬੰਧੀ ਜਾਣਕਾਰੀ ਦਿੰਦੇ
ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਕੇ. ਐਮ.ਵੀ. ਦੇ ਫੁੱਟਬਾਲ ਗਰਾਊਂਡ ਵਿੱਚ ਸ਼ੁਰੂ ਕੀਤਾ
ਗਿਆ ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਤੇ 05 ਸਾਲ ਤੋਂ ਲੈਕੇ 14 ਸਾਲ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਨੂੰ ਫੁਟਬਾਲ ਦੀਆਂ
ਬਰੀਕੀਆਂ ਸਿਖਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰੋਜ਼ਾਨਾ ਸ਼ਾਮ 04:00 ਵਜੇ ਤੋਂ
05:00 ਵਜੇ ਤੱਕ ਦੀ ਸਮਾਂ ਅਵਧੀ ਦੇ ਵਿਚ ਪ੍ਰੋਫੈਸ਼ਨਲ ਫੁਟਬਾਲ ਕੋਚਾਂ ਰਾਹੀਂ ਖੇਡ ਦੀਆਂ ਤਕਨੀਕਾਂ ਬਾਖ਼ੂਬੀ ਖਿਡਾਰੀਆਂ ਨੂੰ
ਸਮਝਾਈਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਸਮਝਾਉਣਾ
ਸਮੇਂ ਦੀ ਜ਼ਰੂਰਤ ਬਣ ਚੁੱਕਾ ਹੈ ਤਾਂ ਜੋ ਉਹ ਤੰਦਰੁਸਤ ਸਰੀਰ ਨਾਲ ਕਾਰਜਸ਼ੀਲ ਰਹਿੰਦੇ ਹੋਏ ਆਪਣਾ ਬੌਧਿਕ ਵਿਕਾਸ ਕਰਨ ਦੇ
ਨਾਲ-ਨਾਲ ਅਨੁਸ਼ਾਸਨ ਦੀ ਭਾਵਨਾ ਸਿੱਖਦੇ ਹੋਏ ਅੱਗੇ ਵਧ ਕੇ ਸਮਾਜ ਨਿਰਮਾਣ ਵਿਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਦੱਸਿਆ
ਕਿ ਕੇ.ਐਮ.ਵੀ. ਵਿਖੇ ਸਦਾ ਹੀ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ ਅਤੇ ਵਿਦਿਆਲਾ ਖਿਡਾਰਣਾਂ ਨੂੰ
ਮੁਫ਼ਤ ਸਿੱਖਿਆ ਅਤੇ ਹੋਸਟਲ ਵਿਚ ਰਹਿਣ ਸਹਿਣ ਦੇ ਨਾਲ-ਨਾਲ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਜਿਮਨੇਜ਼ੀਅਮ ਅਤੇ ਖੁੱਲ੍ਹੇ
ਖੇਡ ਮੈਦਾਨਾਂ ਦੀ ਸਹੂਲਤ ਮੁਹੱਈਆ ਕਰਾ ਰਿਹਾ ਹੈ ਜਿਸਦੇ ਸਦਕਾ ਵਿਦਿਆਰਥਣਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ
ਸ਼ਾਨਦਾਰ ਪ੍ਰਦਰਸ਼ਨ ਨਾਲ ਵਿਦਿਆਲਾ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸਫਲ
ਸ਼ੁਰੂਆਤ ਲਈ ਡਾ. ਦਵਿੰਦਰ ਸਿੰਘ ਅਤੇ ਸਮੂਹ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੁਆਰਾ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।