ਜਲੰਧਰ : ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2020 ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਰੈੱਡ ਰਿਬਨ ਕਲੱਬ ਅਤੇ ਐਨਵਾਇਰਨਮੈਂਟ ਸਾਇੰਸ ਵਿਭਾਗ ਦੁਆਰਾ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਦੇ ਲਈ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਵੀਡੀਓ ਮੇਕਿੰਗ ਆਦਿ ਜਿਹੇ ਵਿਭਿੰਨ ਮੁਕਾਬਲੇ ਆਨਲਾਈਨ ਆਯੋਜਿਤ ਕਰਵਾਏ ਗਏ। ਵਿਦਿਆਰਥਣਾਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਆਯੋਜਿਤ ਹੋਏ ਇਨ੍ਹਾਂ ਮੁਕਾਬਲਿਆਂ ਦੇ ਵਿਚ ਵਿਦਿਆਰਥਣਾਂ ਨੇ ਵੱਧ-ਚਡ਼੍ਹ ਕੇ ਭਾਗ ਲੈਂਦੇ ਹੋਏ ਵਾਤਾਵਰਣ ਨਾਲ ਸਬੰਧਿਤ ਵਿਭਿੰਨ ਪਹਿਲੂਆਂ ਨੂੰ ਆਪਣੇ ਪੋਸਟਰਾਂ ਅਤੇ ਸਲੋਗਨ ਰਾਹੀਂ ਪੇਸ਼ ਕਰਨ ਦੇ ਨਾਲ-ਨਾਲ ਹਰਿਆਵਲ ਨੂੰ ਵਧਾਉਣ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਸੰਭਾਲਣ ਦੇ ਨਾਲ-ਨਾਲ ਵੱਖ-ਵੱਖ ਜੀਵ ਜੰਤੂਆਂ ਦੇ ਰੱਖ ਰਖਾਵ ਸਬੰਧੀ ਵੀ ਜਾਗਰੂਕਤਾ ਫੈਲਾਉਦੀਆਂ ਵੀਡੀਓ ਵੀ ਬਣਾਈਆਂ। ਇਸ ਤੋਂ ਇਲਾਵਾ ਵਿਦਿਆਲਾ ਵਿਖੇ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਸਟਾਫ ਮੈਂਬਰਾਂ ਨੂੰ ਪੌਦੇ ਵੀ ਵੰਡੇ ਗਏ । ਵਿਦਿਆਰਥਣਾਂ ਅੰਕਿਤਾ, ਆਰਜ਼ੂ, ਪ੍ਰਣਵਚਿੱਤ, ਦਲਜੀਤ, ਅੰਜਲੀ, ਸੰਦੀਪ, ਕੇਸਰ, ਦੀਕਸ਼ਾ ਵੱਲੋਂ ਬਣਾਈਆਂ ਗਈਆਂ ਵੀਡੀਓਜ਼ ਦੇ ਨਾਲ-ਨਾਲ ਸਾਕਸ਼ੀ, ਕਿਰਨਦੀਪ, ਮਿਸ਼ਠੀ, ਸਿਮਰਨ, ਯਸ਼ਲੀਨ ਆਦਿ ਦੁਆਰਾ ਬਣਾਏ ਗਏ ਪੋਸਟਰਾਂ ਦੀ ਖੂਬ ਸ਼ਲਾਘਾ ਕੀਤੀ ਗਈ। ਇਸ ਸਫਲ ਆਯੋਜਨ ਦੇ ਲਈ ਮੈਡਮ ਪ੍ਰਿੰਸੀਪਲ ਨੇ ਡਾ. ਮਧੂਮੀਤ, ਡੀਨ, ਸਟੂਡੈਂਟ ਵੈੱਲਫੇਅਰ, ਸ੍ਰੀਮਤੀ ਸਾਧਨਾ ਟੰਡਨ, ਮੁਖੀ, ਜ਼ੋਲੋਜ਼ੀ ਵਿਭਾਗ ਅਤੇ ਮੈਡਮ ਸੂਫਾਲਿਕਾ ਕਾਲੀਆ, ਐਨਵਾਇਰਨਮੈਂਟ ਸਾਇੰਸ ਵਿਭਾਗ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਕੰਨਿਆ ਮਹਾਂਵਿਦਿਆਲਾ ਦੁਆਰਾ ਨਿਰੰਤਰ ਇਹੋ ਜਿਹੇ ਯਤਨ ਕੀਤੇ ਜਾਂਦੇ ਹਨ ਜਿਨ੍ਹਾਂ ਰਾਹੀਂ ਸਮਾਜ ਵਿਚ ਵਾਤਾਵਰਨ ਦੀ ਸਾਂਭ ਸੰਭਾਲ ਸਬੰਧੀ ਚੇਤਨਾ ਫੈਲਾਈ ਜਾ ਸਕੇ ।