ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਆਟੋਨਾਮਸ ਕਾਲਜ, ਨਾਰੀ ਸਿੱਖਿਆ ਵਿੱਚ ਮੋਹਰੀ ਅਤੇ ਇੰਡੀਆ ਟੁਡੇ ਮੈਗਜ਼ੀਨ ਦੇ ਸਰਵੇਖਣ ’ਚ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਜਲੰਧਰ ਵਿਖੇ ਦੇਸ਼ ਅਜ਼ਾਦੀ ਦੀ 74ਵੀ ਵਰੇਗੰਢ ਮਨਾਉਂਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿਰੰਗਾ ਲਹਿਰਾਇਆ ਗਿਆ। ਵਿਦਿਆਲਾ ਦੀ ਝੰਡਾ ਗਰਾਊਂਡ ਵਿੱਚ ਇਹ ਰਸਮ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਅਦਾ ਕੀਤੀ ਗਈ। ਤਿਰੰਗਾ ਲਹਿਰਾਉਣ ਮੌਕੇ ਵੰਦੇ ਮਾਤਰਮ ਅਤੇ ਰਾਸ਼ਟਰੀ ਗੀਤ ਦੇ ਗਾਇਨ ਨੇ ਮਾਹੌਲ ਵਿੱਚ ਦੇਸ਼ ਭਗਤੀ ਦਾ ਰੰਗ ਭਰਿਆ। ਇਸ ਮੌਕੇ ਸੰਬੋਧਿਤ ਹੁੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਭ ਨੂੰ ਅਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ ਸੰਗ੍ਰਾਮ ਵਿੱਚ ਦੇਸ਼ ਭਗਤਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਇਹ ਸਾਡਾ ਸਭ ਦਾ ਫਰਜ਼ ਹੈ ਕਿ ਅਸੀ ਸੰਵਿਧਾਨ ਦੀ ਪਵਿੱਤਰਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਈਏ। ਅਤੇ ਨਾਲ ਹੀ ਉਹਨਾਂ ਕਿਹਾ ਕਿ ਭਾਰਤ ਦੇਸ਼ ਨੂੰ ਹੋਰ ਖੁਸ਼ਹਾਲ ਅਤੇ ਵਿਕਸਿਤ ਬਣਾਉਣ ਲਈ ਸੰਵਿਧਾਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਸਭ ਨੂੰ ਪਾਲਣਾ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਉਹਨਾਂ ਨੇ ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਹੋਰਨਾਂ ਮਹੱਤਵਪੂਰਨ ਹੱਕਾਂ ਸੰਬੰਧੀ ਵੀ ਗੱਲ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਵੱਖ-ਵੱਖ ਬੁਰਾਈਆਂ ਅਤੇ ਮੌਜੂਦਾ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਇੱਕਜੁੱਟ ਹੋਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਅਜ਼ਾਦੀ ਦਿਵਸ ਦੇ ਸੰਬੰਧ ’ਚ ਵਿਦਿਆਲਾ ਦੇ ਵਿਭਿੰਨ ਵਿਭਾਗਾਂ ਵੱਲੋਂ ਵੱਖ-ਵੱਖ ਮੁਕਾਬਲਿਆਂ ਦਾ ਆਨਲਾਈਨ ਆਯੋਜਨ ਕੀਤਾ ਗਿਆ ਜਿਨ੍ਹਾਂ ਵਿੱਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਭਾਗ ਲੈਂਦੇ ਹੋਏ ਦੇਸ਼ ਪ੍ਰੇਮ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ।