ਕੈਂਬਰਿਜ ਇੰਟਰਨੈਸ਼ਨਲ ਸਿੱਖਿਆ ਸੰਸਥਾਨ ਦਾ ਨਾਂ ਸਿੱਖਿਅਕ ਖੇਤਰ ਵਿੱਚ ਧਰੂ ਤਾਰੇ ਵਾਂਗ
ਚਮਕਦਾ ਹੈ।ਕੈਂਬਰਿਜ ਇੰਟਰਨੈਸ਼ਨਲ ਸਕੂਲਜ਼ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ
ਲਈ ਆਪਣੀ ਵਚਨਬੱਧਤਾ ਲਈ ਜਾਣੇ ਜਾਂਦੇ ਹਨ।ਇੱਥੇ ਪੜ੍ਹਦੇ ਵਿਦਿਆਰਥੀ ਸਿੱਖਿਅਕ ਖੇਤਰ ਦੇ
ਨਾਲ-ਨਾਲ ਸਹਿ- ਸਿੱਖਿਅਕ ਖੇਤਰਾਂ ਵਿੱਚ ਮੱਲਾਂ ਮਾਰ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ
ਹਨ।ਕੈਂਬਰਿਜ ਇੰਟਰਨੈਸ਼ਨਲ ਸਕੂਲਜ਼ ਦੁਆਰਾ ਅਜਿਹੇ ਅਦਭੁਤ ਵਿਦਿਆਰਥੀਆਂ ਨੂੰ ਉਹਨਾਂ
ਦੀਆਂ ਵਡਮੁੱਲੀਆਂ ਪ੍ਰਾਪਤੀਆਂ ਲਈ ਸਨਮਾਨਿਆ ਜਾਂਦਾ ਹੈ।ਇਸੇ ਪਰੰਪਰਾ ਦੇ ਤਹਿਤ ਸਾਲ
2018-2019 ਦੀਆਂ ਪ੍ਰਾਪਤੀਆਂ ਲਈ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕੈਂਬਰਿਜ
ਇੰਟਰਨੈਸ਼ਨਲ ਸਕੂਲ ਫ਼ਾਰ ਗਰਲਜ਼ ਵਿਖੇ 24 ਫਰਵਰੀ 2020 ਨੂੰ ਸਲਾਨਾ ਇਨਾਮ-ਵੰਡ ਸਮਾਰੋਹ
ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੌਲਵਰਹੈਂਪਟਨ ਦੀ ਟੀਮ ਵਿਸ਼ੇਸ਼ ਰੂਪ ਵਿੱਚ ਸ਼ਾਮਿਲ
ਹੋਈ।ਇਸ ਸਮਾਗਮ ਵਿੱਚ ਮੈਡਮ ਸਿੰਮੀ ਮੈਕਡੋਨਲ (ਸੀਨੀਅਰ ਲੈਕਚਰਾਰ,ਵੌਲਵਰਹੈਂਪਟਨ ) ਨੇ
ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਅਗਾਜ਼ ਮੁੱਖ ਮਹਿਮਾਨ ਦੁਆਰਾ ਸ਼ਮ੍ਹਾ ਰੌਸ਼ਨ
ਕਰਕੇ ਕੀਤਾ ਗਿਆ।
ਕੈਂਬਰਿਜ ਇੰਟਰਨੈਸ਼ਨਲ ਸਕੂਲਜ਼ ਦੇ ਵਿਦਿਆਰਥੀ ਆਪਣੀ ਵਿਲੱਖਣ ਸ਼ਖਸੀਅਤ ਕਰਕੇ ਦੂਸਰਿਆਂ
ਨਾਲੋਂ ਭਿੰਨਤਾ ਰੱਖਦੇ ਹਨ।ਹਰੇਕ ਖੇਤਰ ਜਿਵੇਂ:-ਵਿੱਦਿਅਕ,ਸਭਿਆਚਾਰਕ ਅਤੇ ਖੇਡਾਂ ਵਿੱਚ ਆਪਣੇ
ਅਦਭੁਤ ਪ੍ਰਦਰਸ਼ਨ ਦੁਆਰਾ ਸਾਲਾਂ ਤੋਂ ਆਪਣੀ ਜਿੱਤ ਦਾ ਝੰਡਾ ਲਹਿਰਾ ਕੇ ਆਪਣੇ ਸਕੂਲ ਦਾ ਨਾਂ
ਰੌਸ਼ਨ ਕਰਦੇ ਆ ਰਹੇ ਹਨ ਅਤੇ ਉਹਨਾਂ ਦੀਆਂ ਇਹਨਾਂ ਪ੍ਰਾਪਤੀਆਂ ਨੂੰ ਯਾਦਗਾਰ ਬਣਾਉਣ ਲਈ
ਉਹਨਾਂ ਨੂੰ ਸਨਮਾਨ ਚਿੰਨ੍ਹਾਂ ਅਤੇ ਵਧਾਈ ਪੱਤਰਾਂ ਨਾਲ ਨਿਵਾਜਣਾ ਸਭ ਤੋਂ ਉੱਤਮ ਤਰੀਕਾ ਹੈ।
ਕੈਂਬਰਿਜ ਇੰਟਰਨੈਸ਼ਨਲ ਸਕੂਲ ਆਪਣੇ ਵਿਦਿਆਰਥੀਆਂ ਨੂੰ ਸੁਚੱਜੇ ਅਤੇ ਜਾਗਰੁਕ ਨਾਗਰਿਕ
ਬਣਨ ਦੇ ਨਾਲ-ਨਾਲ ਵਿਸ਼ਵ-ਵਿਆਪੀ ਨਾਗਰਿਕ ਬਣਨ ਵਿੱਚ ਵੀ ਸਹਿਯੋਗ ਦਿੰਦਾ ਹੈ।ਇਸ ਸੰਬੰਧੀ
ਕੈਂਬਰਿਜ ਇੰਗਲਿਸ਼ ਅਸੈਸਮੈਂਟ ਪਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ ਜੋ ਅੰਗਰੇਜ਼ੀ ਭਾਸ਼ਾ ਨੂੰ
ਸਿੱਖਣ ਅਤੇ ਸਮਝਣ ਲਈ ਅਨੋਖੀ ਵਿਧੀ ਹੈ।ਇਸ ਪ੍ਰੋਗਰਾਮ ਵਿੱਚ ਉਹਨਾਂ ਵਿਦਿਆਰਥੀਆਂ ਨੂੰ
ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਦਿਆਰਥੀਆਂ ਨੇ ਇਹਨਾਂ ਅੰਤਰਰਾਸ਼ਟਰੀ ਮਾਨਤਾ ਵਾਲੀਆਂ
ਪਰੀਖਿਆਵਾਂ ਦੇ ਵੱਖ-ਵੱਖ ਪੱਧਰਾਂ ਨੂੰ ਸ਼ਾਨਦਾਰ ਅੰਕਾਂ ਨਾਲ ਪਾਸ ਕੀਤਾ।
ਇਸ ਸਮਾਗਮ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਫ਼ਾਰ ਗਰਲਜ਼ ਦੀਆਂ ਵਿਦਿਆਰਥਣਾਂ
ਦੁਆਰਾ ਵੱਖ-ਵੱਖ ਪ੍ਰਕਾਰ ਦੀਆਂ ਰੰਗਾਂ-ਰੰਗ ਕਲਾਵਾਂ ਦਾ ਪ੍ਰਦਰਸ਼ਨ ਬਾਖੂਬੀ ਕੀਤਾ
ਗਿਆ।ਵਿਦਿਆਰਥਣਾਂ ਦੁਆਰਾ ਮਨ ਨੂੰ ਛੁਹ ਲੈਣ ਵਾਲੇ ਕਲਾਸੀਕਲ ਨਾਚ ਦਾ ਪ੍ਰਦਰਸ਼ਨ ਕੀਤਾ
ਗਿਆ।ਜਿਸ ਦਾ ਵਿਸ਼ਾ ਰੱਬੀ- ਉਸਤਤ ਦੁਆਰਾ ਅਸੀਸਾਂ ਦੀ ਪ੍ਰਾਪਤੀ ਸੀ।ਬੱਚਿਆਂ ਰਾਹੀਂ
ਸੰਗੀਤਕ ਸਾਜਾਂ ਦੀ ਪੇਸ਼ਕਾਰੀ ਬਹੁਤ ਹੀ ਵਿਲੱਖਣ ਅੰਦਾਜ਼ ਵਿੱਚ ਕੀਤੀ ਗਈ। ਜਿਸਨੇ ਆਏ
ਮਹਿਮਾਨਾਂ ਅਤੇ ਮਾਪਿਆਂ ਦਾ ਮਨ ਮੋਹ ਲਿਆ।ਵਿਦਿਆਰਥੀਆਂ ਦੁਆਰਾ ਪੰਜਾਬੀਆਂ ਦੀ ਰੂਹ ਦੀ
ਖ਼ੁਰਾਕ ਭੰਗੜੇ ਦੀ ਪੇਸ਼ਕਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ।ਜਿਸ ਉੱਪਰ ਦਰਸ਼ਕ ਵੀ ਨੱਚਣ
ਲਈ ਮਜਬੂਰ ਹੋ ਗਏ।ਇਹਨਾਂ ਸਭ ਪੇਸ਼ਕਾਰੀਆਂ ਨੇ ਆਡੀਟੋਰੀਅਮ ਦੇ ਮਹੌਲ ਨੂੰ ਬੇਹੱਦ ਖੁਸ਼ਨੁਮਾ
ਬਣਾ ਦਿੱਤਾ।
ਮੁੱਖ ਮਹਿਮਾਨ ਮੈਡਮ ਸਿੰਮੀ ਮੈਕਡੋਨਲ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਬਹੁਤ ਪ੍ਰਸੰਸਾ
ਕੀਤੀ।ਉਹਨਾਂ ਨੇ ਖੁਸ਼ੀ ਪ੍ਰਗਟਾਈ ਕਿ ਇਸ ਸੰਸਥਾ ਵਿੱਚ ਅਧਿਆਪਕਾਂ,ਵਿਦਿਆਰਥੀਆਂ ਅਤੇ
ਮਾਪਿਆਂ ਵਿਚਕਾਰ ਇੱਕ ਮਜ਼ਬੂਤ ਰਿਸ਼ਤਾ ਹੈ ਜੋ ਕਿ ਸਕੂਲ ਅਤੇ ਵਿਦਿਆਰਥੀਆਂ ਦੇ ਸਰਵੋਤਮ
ਪ੍ਰਦਰਸ਼ਨ ਲਈ ਬਹੁਤ ਹੀ ਜ਼ਰੂਰੀ ਹੈ।ਉਹਨਾਂ ਨੇ ਲਰਨਿੰਗ ਵਿੰਗਜ਼ ਐਜੁਕੇਸ਼ਨ ਸਿਸਟਮ ਅਤੇ
ਵੌਲਵਰਹੈਂਪਟਨ ਦੇ ਸਾਂਝੇ ਯਤਨਾਂ ਸਦਕਾ ਸ਼ੁਰੂ ਕੀਤੇ ਗਏ ਨਵੇਂ ਪ੍ਰੋਗਰਾਮ ਦੇ ਤਹਿਤ 30
ਪ੍ਰਤੀਨਿਧੀਆਂ ਦੀ ਇਕ ਵਿਸ਼ੇਸ਼ ਟੀਮ ਲਗਭਗ ਇਕ ਹਫ਼ਤਾ ਸਕੂਲ ਵਿਚ ਰਹਿ ਕਿ ਗਤੀਵਿਧੀਆਂ
’ਤੇ ਵਿਚਾਰ-ਵਟਾਦਰਾਂ ਅਤੇ ਸਿੱਖਣ-ਸਿਖਾਉਣ ਦੀਆਂ ਵਿਧੀਆਂ ਦਾ ਅਦਾਨ-ਪ੍ਰਦਾਨ ਕਰਨਗੇ ਜਿਸ
ਦਾ ਮੁੱਖ ਮੰਤਵ ਮਾਰਚ 2020 ਵਿਚ ਨਵੇਂ ਸ਼ੁਰੂ ਹੋ ਰਹੇ ਇਨੋਵੇਟਿਵ ਸੀ.ਬੀ.ਐੱਸ.ਈ ਸਕੂਲ
ਕੈਂਬਰਿਜ ਫਾਊਂਡੇਸ਼ਨ ਸਕੂਲ ਲਈ ਸਟੈੱਮ ਪਾਠਕ੍ਰਮ ਸਬੰਧੀ ਯੋਜਨਾਬੰਦੀ ਅਤੇ ਆਰਟੀਫਿਸ਼ੀਅਲ
ਇੰਟੈਲੀਜੈਂਸ ਸਬੰਧੀ ਯੋਜਨਾ ਉਲੀਕਣਾ ਸੀ।
ਉਹਨਾਂ ਦਾ ਵਿਚਾਰ ਹੈ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਫ਼ਾਰ ਗਰਲਜ਼ ਵਿਦਿਆਰਥੀਆਂ ਦੇ
ਸਰੀਰਕ ਅਤੇ ਮਾਨਸਿਕ ਪੱਖਾਂ ਦੇ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਤਮਿਕ ਪੱਖਾਂ ਬਾਰੇ ਵੀ
ਸੁਚਾਰੂ ਢੰਗ ਨਾਲ ਵਿਕਾਸ ਕਰ ਉਹਨਾਂ ਦਾ ਸਰਵਪੱਖੀ ਵਿਕਾਸ ਕਰਦਾ ਹੈ। ਜਿਸ ਵਿੱਚ ਸਕੂਲ ਦਾ
ਹਰਿਆ-ਭਰਿਆ ਅਤੇ ਸਕਾਰਤਮਕ ਵਾਤਾਵਰਨ ਅਹਿਮ ਭੂਮਿਕਾ ਨਿਭਾਉਂਦਾ ਹੈ।ਉਹਨਾਂ ਦੁਆਰਾ
ਅਜਿਹੀ ਸ਼ਕਤੀਸ਼ਾਲੀ ਸੰਸਥਾ ਬਣਾਉਣ ਲਈ ਲਰਨਿੰਗ ਵਿੰਗਜ਼ ਦੇ ਚੇਅਰਮੈਨ ਅਜੈ
ਭਾਟੀਆ ਜੀ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਹਨਾਂ ਨੇ ਸਕੂਲ ਦੇ ਡਾਇਰੈਕਟਰ ਅਤੇ ਚੀਫ਼
ਅਕਾਦਮਿਕ ਅਫ਼ਸਰ ਕੁਮਾਰੀ ਦੀਪਾ ਡੋਗਰਾ ਦਾ ਤਹਿ-ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਨੂੰ
ਅਜਿਹੇ ਸ਼ਾਨਦਾਰ ਸਮਾਗਮ ਦਾ ਹਿੱਸਾ ਬਣਨ ਦਾ ਮਾਣ ਬਖਸ਼ਿਆ।
ਇਸ ਮੌਕੇ ਉੱਪਰ ਸਕੂਲ ਦੇ ਡਾਇਰੈਕਟਰ ਅਤੇ ਚੀਫ਼ ਅਕਾਦਮਿਕ ਅਫ਼ਸਰ ਕੁਮਾਰੀ ਦੀਪਾ ਡੋਗਰਾ
ਨੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ
ਦੇ ਜੀਵਨ ਵਿੱਚ ਸਮਾਜ ਦੀ ਮਹੱਤਤਾਉੱਪਰ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਸੁਚੱਜੇ ਅਤੇ ਸੁਚੇਤ
ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਕਿਰਨਜੋਤ ਕੌਰ
ਢਿੱਲੋਂ ਵਲੋਂ ਮੁੱਖ ਮਹਿਮਾਨ ਸਿੰਮੀ, ਲਰਨਿੰਗ ਵਿੰਗ ਦੇ ਚੇਅਰਮੈਨ ਅਜੈ ਭਾਟੀਆ
ਜੀ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਜਿਹਨਾਂ ਨੇ ਆਪਣੇ ਕੀਮਤੀ ਸਮੇਂ ਨਾਲ ਇਸ ਪ੍ਰੋਗਰਾਮ ਨੂੰ
ਸਫ਼ਲ ਬਣਾਉਣ ਵਿੱਚ ਮਦਦ ਕੀਤੀ।ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗੀਤ ਨਾਲ ਹੋਇਆ।