ਫਗਵਾੜਾ 31 ਅਕਤੂਬਰ (ਸ਼ਿਵ ਕੋੜਾ) ਭਗਵਾਨ ਵਾਲਮੀਕਿ ਮੰਦਰ ਹਦੀਆਬਾਦ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਦੇ ਨਾਲ ਹੀ ਫਗਵਾੜਾ ਦੇ ਸਾਬਕਾ ਐਸ.ਡੀ.ਐਮ. ਜਯੋਤੀ ਬਾਲਾ ਮੱਟੂ ਅਤੇ ਸੀ.ਆਈ.ਏ. ਸਟਾਫ ਇੰਚਾਰਜ ਉਂਕਾਰ ਸਿੰਘ ਬਰਾੜ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਜੋਗਿੰਦਰ ਸਿੰਘ ਮਾਨ ਨੇ ਜਿੱਥੇ ਸਮੂਹ ਵਾਲਮੀਕਿ ਸਮਾਜ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਉੱਥੇ ਹੀ ਕਿਹਾ ਕਿ ਵਾਲਮੀਕਿ ਸਮਾਜ ਨਾਲ ਹੋਣ ਵਾਲੇ ਤਸ਼ੱਦਦ ਦਾ ਮੁਕਾਬਲਾ ਕਰਨ ਲਈ ਸਮੂਹ ਸਮਾਜ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਦਾਹਰਣ ਵਜੋਂ ਯੂ.ਪੀ. ਦੇ ਹਾਥਰਸ ‘ਚ ਵਾਲਮੀਕਿ ਸਮਾਜ ਦੀ ਧੀ ਨਾਲ ਹੋਏ ਤਸ਼ੱਦਦ ਦੀ ਐਫ.ਆਈ.ਆਰ. ਵੀ ਉੱਥੋਂ ਦੀ ਸਰਕਾਰ ਨੇ ਕਰੀਬ 9 ਦਿਨ ਬਾਅਦ ਦਰਜ ਕੀਤੀ ਜਦਕਿ ਦੂਸਰੇ ਪਾਸੇ ਪੰਜਾਬ ਵਿਚ ਜੇਕਰ ਕਿਸੇ ਨਾਲ ਵੀ ਕੋਈ ਅਤਿਆਚਾਰ ਹੁੰਦਾ ਹੈ ਤਾਂ ਤੁਰੰਤ ਐਫ.ਆਈ.ਆਰ. ਦਰਜ ਕਰਕੇ ਕਾਰਵਾਈ ਕੀਤੀ ਜਾਂਦੀ ਹੈ। ਜੋਗਿੰਦਰ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਰਾਮ ਤੀਰਥ ਅਸਥਾਨ ਦੇ 50 ਕਰੋੜ ਦੀ ਲਾਗਤ ਨਾਲ ਸੁੰਦਰੀਕਰਣ ਕਰਨ ਦੇ ਕੰਮ ਦੇ ਉਦਘਾਟਨ, ਡਾ. ਬੀ.ਆਰ. ਅੰਬੇਡਕਰ ਐਸ.ਸੀ. ਸਕਾਲਰਸ਼ਿਪ ਸਕੀਮ ਲਾਗੂ ਕਰਨ ਦੇ ਐਲਾਨ ਅਤੇ ਸਰਕਾਰੀ ਆਈ.ਟੀ.ਆਈ. ਤਕਨੀਕੀ ਸਿੱਖਿਆ ਅਦਾਰੇ ਦੇ ਉਦਘਾਟਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਬੰਧਕਾਂ ਵਲੋਂ ਜੋਗਿੰਦਰ ਸਿੰਘ ਮਾਨ ਸਮੇਤ ਹੋਰ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਕ੍ਰਿਸ਼ਨ ਕੁਮਾਰ ਹੀਰੋ, ਮੋਨੂ ਚੋਧਰੀ, ਦੀਪਕ ਮੱਟੂ, ਵਿਨੋਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਸੰਗਤ ਹਾਜਰ ਸੀ।