ਫਗਵਾੜਾ 1 ਅਪ੍ਰੈਲ (ਸ਼਼ਿਵ ਕੋੋੜਾ) ਦਰਬਾਰ ਨੂਰ-ਏ-ਖੁਦਾ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਤਹਿਸੀਲ ਫਗਵਾੜਾ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਨੇ ਅੱਜ ਵੀਰਵਾਰ ਨੂੰ ਦਰਬਾਰ ਵਿਖੇ ਨਤਮਸਤਕ ਹੋਣ ਪੁੱਜੀਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਉਹਨਾਂ ਫਗਵਾੜਾ ਸਬ-ਡਵੀਜਨ ਵਿਚ ਕੋਵਿਡ-19 ਦੇ ਕੇਸਾਂ ਦੀ ਦਿਨੋਂ ਦਿਨ ਵੱਧਦੀ ਗਿਣਤੀ ਪ੍ਰਤੀ ਹਾਜਰੀਨ ਸੰਗਤ ਨੂੰ ਸਚੇਤ ਕਰਦਿਆਂ ਕਿਹਾ ਕਿ ਸਰਕਾਰੀ ਅਤੇ ਪ੍ਰਸ਼ਾਸਨਿਕ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਦੋਂ ਵੀ ਘਰੋਂ ਬਾਹਰ ਨਿਕਲਣ ਤਾਂ ਮੂੰਹ ਤੇ ਫੇਸ ਮਾਸਕ ਜਰੂਰ ਲਗਾਉਣ ਜਾਂ ਰੁਮਾਲ ਨਾਲ ਮੂੰਹ ਨੂੰ ਢਕਿਆ ਜਾਵੇ। ਸਰੀਰਕ ਦੂਰੀ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਵੇ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕ ਬਿਨਾਂ ਕਿਸੇ ਡਰ ਜਾਂ ਘਬਰਾਹਟ ਤੋਂ ਪਰਮਾਤਮਾ ਉਪਰ ਯਕੀਨ ਰੱਖਦੇ ਹੋਏ ਕੋਰੋਨਾ ਵੈਕਸੀਨ ਜਰੂਰ ਲਗਵਾਉਣ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਇਸ ਤੋਂ ਪਹਿਲਾਂ ਦੁਨੀਆ ਨੂੰ ਕੋਰੋਨਾ ਤੋਂ ਮੁਕਤੀ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਕਾਮਰੇਡ ਰਣਦੀਪ ਸਿੰਘ ਰਾਣਾ, ਰਾਮਪਾਲ ਸਾਹਨੀ ਸਰਪੰਚ, ਲਸ਼ਕਰੀ ਰਾਮ, ਨਿਰਮਲ ਚੰਦ ਚੱਕ ਹਕੀਮ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਦਲਜੀਤ ਸਿੰਘ, ਨਰੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ।